ਵਾਸ਼ਿੰਗਟਨ, 29 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਈਰਾਨ ਪ੍ਰਤੀ ਸਖ਼ਤ ਰੁਖ਼ ਬਰਕਰਾਰ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਈਰਾਨ ਨੂੰ ਮੁੜ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਗੱਲਬਾਤ ਦੀ ਮੇਜ਼ ‘ਤੇ ਆਵੇ ਅਤੇ ਪ੍ਰਮਾਣੂ ਸਮਝੌਤਾ ਕਰੇ, ਨਹੀਂ ਤਾਂ ਅਮਰੀਕਾ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਭਿਆਨਕ ਹਮਲਾ ਕਰੇਗਾ। ਦੂਜੇ ਪਾਸੇ, ਅਮਰੀਕਾ ਨਾਲ ਵਧਦੇ ਤਣਾਅ ਦੇ ਵਿਚਕਾਰ ਈਰਾਨੀ ਮੁਦਰਾ ਰਿਆਲ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ। ਇਹ 16 ਲੱਖ ਰਿਆਲ ਪ੍ਰਤੀ ਡਾਲਰ ਦੇ ਇਤਿਹਾਸਕ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ।

ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਉਮੀਦ ਹੈ ਕਿ ਈਰਾਨ ਜਲਦੀ ਹੀ ਗੱਲਬਾਤ ਲਈ ਅੱਗੇ ਆਵੇਗਾ ਅਤੇ ਇੱਕ ਨਿਰਪੱਖ ਤੇ ਨਿਆਂਪੂਰਨ ਸਮਝੌਤਾ ਕਰੇਗਾ, ਜੋ ਸਾਰੀਆਂ ਧਿਰਾਂ ਲਈ ਚੰਗਾ ਹੋਵੇਗਾ।”

ਪੁਰਾਣੇ ਹਮਲਿਆਂ ਦਾ ਦਿੱਤਾ ਹਵਾਲਾ

ਉਨ੍ਹਾਂ ਨੇ ਪਿਛਲੇ ਜੂਨ ਵਿੱਚ ਹੋਏ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ, “ਅਗਲਾ ਹਮਲਾ ਇਸ ਤੋਂ ਕਿਤੇ ਜ਼ਿਆਦਾ ਭਿਆਨਕ ਹੋਵੇਗਾ।” ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 2015 ਦੇ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰ ਲਿਆ ਸੀ। ਪਿਛਲੇ ਜੂਨ ਵਿੱਚ ਈਰਾਨ ਅਤੇ ਇਜ਼ਰਾਈਲ ਵਿਚਕਾਰ 12 ਦਿਨਾਂ ਤੱਕ ਚੱਲੇ ਸੰਘਰਸ਼ ਦੌਰਾਨ ਅਮਰੀਕਾ ਨੇ ਈਰਾਨ ਦੇ ਕਈ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਆਇਓਵਾ ਵਿੱਚ ਇੱਕ ਚੋਣ ਪ੍ਰੋਗਰਾਮ ਦੌਰਾਨ ਟਰੰਪ ਨੇ ਪੱਛਮੀ ਏਸ਼ੀਆ ਵਿੱਚ ਅਮਰੀਕੀ ਫੌਜੀ ਤਾਇਨਾਤੀ ਵਿੱਚ ਵਾਧੇ ਵੱਲ ਇਸ਼ਾਰਾ ਕਰਦਿਆਂ ਕਿਹਾ, “ਇੱਕ ਹੋਰ ਖੂਬਸੂਰਤ ਆਰਮਾਡਾ (ਜੰਗੀ ਬੇੜਾ) ਇਰਾਨ ਵੱਲ ਵੱਧ ਰਿਹਾ ਹੈ। ਮੈਨੂੰ ਉਮੀਦ ਹੈ ਕਿ ਉਹ ਸਮਝੌਤਾ ਕਰ ਲੈਣਗੇ।”

ਖੇਤਰੀ ਸਥਿਤੀ ਅਤੇ ਕੂਟਨੀਤਕ ਯਤਨ

ਅਰਬ ਦੇਸ਼ਾਂ ਦਾ ਰੁਖ: ਸਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (UAE) ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਰਾਨ ‘ਤੇ ਕਿਸੇ ਵੀ ਹਮਲੇ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ।

ਸ਼ਾਂਤੀ ਦੀ ਕੋਸ਼ਿਸ਼: ਮਿਸਰ ਨੇ ਦੱਸਿਆ ਕਿ ਉਹ ਸ਼ਾਂਤੀ ਬਹਾਲੀ ਲਈ ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਅਤੇ ਅਮਰੀਕੀ ਦੂਤ ਸਟੀਵ ਵਿਟਕਾਫ ਨਾਲ ਵੱਖ-ਵੱਖ ਗੱਲਬਾਤ ਕਰ ਰਿਹਾ ਹੈ।

ਇਰਾਨੀ ਰਾਸ਼ਟਰਪਤੀ ਦਾ ਬਿਆਨ: ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਸ਼ਾਂਤੀ ਸਥਾਪਤ ਕਰਨ ਅਤੇ ਜੰਗ ਨੂੰ ਰੋਕਣ ਲਈ ਕਿਸੇ ਵੀ ਪ੍ਰਕਿਰਿਆ ਦਾ ਸਵਾਗਤ ਕਰਦਾ ਹੈ।

ਇਰਾਕ ਨੂੰ ਵੀ ਦਿੱਤੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਨੂਰੀ ਅਲ-ਮਾਲਿਕੀ ਦੀ ਸੱਤਾ ਵਿੱਚ ਵਾਪਸੀ ਹੁੰਦੀ ਹੈ, ਤਾਂ ਅਮਰੀਕਾ ਉਸ ਦੇਸ਼ ਦਾ ਸਮਰਥਨ ਨਹੀਂ ਕਰੇਗਾ। ਟਰੰਪ ਪ੍ਰਸ਼ਾਸਨ ਮਾਲਿਕੀ ਨੂੰ ਇਰਾਨ ਦਾ ਕਰੀਬੀ ਮੰਨਦਾ ਹੈ।

ਸੰਖੇਪ:-
ਟਰੰਪ ਨੇ ਈਰਾਨ ਨੂੰ ਪ੍ਰਮਾਣੂ ਸਮਝੌਤੇ ਲਈ ਸਖ਼ਤ ਅਲਟੀਮੇਟਮ ਦਿੰਦਿਆਂ ‘ਭਿਆਨਕ ਹਮਲੇ’ ਦੀ ਚੇਤਾਵਨੀ ਦਿੱਤੀ, ਜਿਸ ਨਾਲ ਖੇਤਰੀ ਤਣਾਅ ਵਧਿਆ ਅਤੇ ਈਰਾਨੀ ਮੁਦਰਾ ਰਿਆਲ ਇਤਿਹਾਸਕ ਹੇਠਲੇ ਪੱਧਰ ’ਤੇ ਪਹੁੰਚ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।