ਅੰਮ੍ਰਿਤਸਰ, 28 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮ ’ਤੇ ਸਕੱਤਰੇਤ ਨੇ ‘ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਹਿ ਕੇ’ ਸ਼ਿਕਾਇਤ ਵਿਚ ਦਿੱਤੀ ਗਈ ਇਤਰਾਜ਼ਯੋਗ ਵੀਡੀਓ ਦੀ ਫੋਰੈਂਸਿਕ ਜਾਂਚ ਲਈ ਤਿੰਨ ਲੈਬਾਂ ਨੂੰ ਭੇਜੀ ਹੈ, ਜਿਸ ਦੀ ਰਿਪੋਰਟ ਦੀ ਉਡੀਕੀ ਜਾ ਰਹੀ ਹੈ। ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਲੈਬਾਂ ਬਾਰੇ ਦੱਸਣ ਲਈ ਸਕੱਤਰੇਤ ਵੱਲੋਂ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਦੋ ਲੈਬਾਂ ਦੱਸਣ ਬਾਰੇ ਜਥੇਦਾਰ ਦੇ ਹੁਕਮ ’ਤੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਮੁੱਖ ਮੰਤਰੀ ਦੇ ਨਾਮ ਪੱਤਰ ਲਿਖ ਦਿੱਤਾ ਹੈ।
ਦੱਸਣਯੋਗ ਹੈ ਕਿ ਇਸ ਵੀਡੀਓ ਅਤੇ ਹੋਰ ਕਈ ਸ਼ਿਕਾਇਤਾਂ ਦੇ ਮਾਮਲੇ ਵਿਚ 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਮਾਣੇ ਸਿੱਖ ਵੱਜੋਂ ਜਥੇਦਾਰ ਦੇ ਹੁਕਮ ’ਤੇ ਸਕੱਤਰੇਤ ਵਿਖੇ ਪਹੁੰਚ ਕੇ ਆਪਣਾ ਪੱਖ ਰੱਖਿਆ ਸੀ ਅਤੇ ਇਸ ਵੀਡੀਓ ਨੂੰ ਨਕਲੀ ਦੱਸਿਆ ਸੀ ਅਤੇ ਇਹ ਏਆਈ ਨਾਲ ਬਣਾਉਣ ਸਬੰਧੀ ਜਥੇਦਾਰ ਨੂੰ ਕਿਹਾ ਸੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਮੁੱਖ ਮੰਤਰੀ ਮਾਨ ਨੂੰ ਇਸ ਵੀਡੀਓ ਦਾ ਸੱਚ ਸੰਗਤ ਅੱਗੇ ਲਿਆਉਂਣ ਲਈ ਇਸ ਦੀ ਫੋਰੈਂਸਿਕ ਜਾਂਚ ਲਈ 2 ਲੈਬਾਂ ਸੁਝਾਉਂਣ ਲਈ ਵੀ ਕਿਹਾ ਸੀ, ਜਿਸ ਲਈ ਮੁੱਖ ਮੰਤਰੀ ਦੇ ਦਫ਼ਤਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੇ ਸੰਪਰਕ ਕੀਤਾ ਹੈ। ਇਸ ਦਰਮਿਆਨ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਸਕੱਤਰੇਤ ਨੂੰ ਵਿਦੇਸ਼ ਦੀ ਫੋਰੈਂਸਿਕ ਜਾਂਚ ਰਿਪੋਰਟ ਭੇਜੀ ਹੈ, ਉਸ ਦੀ ਪੁਸ਼ਟੀ ਲਈ ਵੀ ਸਕੱਤਰੇਤ ਨੇ ਸਬੰਧਤ ਲੈਬ ਨੂੰ ਇਕ ਪੱਤਰ ਲਿਖ ਕੇ ਇਸ ਦੀ ਅਧਿਕਾਰਤ ਜਾਣਕਾਰੀ ਮੰਗੀ ਹੈ।
