ਨਵੀਂ ਦਿੱਲੀ, 27 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):– ਜੇਕਰ ਤੁਸੀਂ ਵੀ ਬਾਜ਼ਾਰ ਵਿੱਚ ਖੁੱਲ੍ਹੇ ਪੈਸਿਆਂ (ਛੁੱਟੇ) ਦੀ ਕਿੱਲਤ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਵੱਡੀ ਰਾਹਤ ਲੈ ਕੇ ਆਈ ਹੈ। ਭਾਰਤ ਸਰਕਾਰ ਹੁਣ ਅਜਿਹੀ ਯੋਜਨਾ ‘ਤੇ ਕੰਮ ਕਰ ਰਹੀ ਹੈ ਜਿਸ ਨਾਲ 10, 20 ਅਤੇ 50 ਰੁਪਏ ਦੇ ਨੋਟ ਵੀ ATM ਰਾਹੀਂ ਆਸਾਨੀ ਨਾਲ ਮਿਲ ਸਕਣਗੇ।
ਪਾਇਲਟ ਪ੍ਰੋਜੈਕਟ ਤਹਿਤ ਟੈਸਟਿੰਗ ਸ਼ੁਰੂ
ਛੋਟੀ ਕਰੰਸੀ ਦੀ ਉਪਲਬਧਤਾ ਨੂੰ ਵਧਾਉਣ ਲਈ ਮੁੰਬਈ ਵਿੱਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਖਾਸ ਤੌਰ ‘ਤੇ ਅਜਿਹੇ ATM ਟੈਸਟ ਕੀਤੇ ਜਾ ਰਹੇ ਹਨ ਜੋ ਸਿਰਫ਼ 100 ਜਾਂ 500 ਦੇ ਨੋਟ ਹੀ ਨਹੀਂ, ਸਗੋਂ 10, 20 ਅਤੇ 50 ਰੁਪਏ ਦੇ ਨੋਟ ਵੀ ਦੇਣਗੇ।
ਕਿਉਂ ਪਈ ਇਸ ਦੀ ਲੋੜ?
ਭਾਵੇਂ ਦੇਸ਼ ਵਿੱਚ ਡਿਜੀਟਲ ਪੇਮੈਂਟ (UPI) ਤੇਜ਼ੀ ਨਾਲ ਵਧ ਰਹੀ ਹੈ ਪਰ ਅੱਜ ਵੀ ਰੋਜ਼ਾਨਾ ਦੇ ਕੰਮਾਂ ਲਈ ਕੈਸ਼ ਦੀ ਅਹਿਮ ਭੂਮਿਕਾ ਹੈ।
ਛੋਟੇ ਕਾਰੋਬਾਰੀ ਤੇ ਮਜ਼ਦੂਰ: ਦਿਹਾੜੀਦਾਰ ਮਜ਼ਦੂਰ, ਰੇਹੜੀ-ਫੜੀ ਵਾਲੇ ਅਤੇ ਛੋਟੇ ਦੁਕਾਨਦਾਰ ਅਜੇ ਵੀ ਨਕਦੀ ‘ਤੇ ਨਿਰਭਰ ਹਨ।
ਨੈੱਟਵਰਕ ਦੀ ਸਮੱਸਿਆ: ਕਈ ਵਾਰ ਇੰਟਰਨੈੱਟ ਨਾ ਹੋਣ ਕਾਰਨ ਡਿਜੀਟਲ ਪੇਮੈਂਟ ਫੇਲ ਹੋ ਜਾਂਦੀ ਹੈ, ਉੱਥੇ ਛੋਟੇ ਨੋਟ ਬਹੁਤ ਕੰਮ ਆਉਂਦੇ ਹਨ।
ਯਾਤਰੀ: ਬੱਸਾਂ ਜਾਂ ਸਥਾਨਕ ਯਾਤਰਾ ਦੌਰਾਨ 10-20 ਰੁਪਏ ਦੇ ਨੋਟਾਂ ਦੀ ਸਭ ਤੋਂ ਵੱਧ ਲੋੜ ਪੈਂਦੀ ਹੈ।
ਕਿੱਥੇ ਲੱਗਣਗੀਆਂ ਇਹ ਮਸ਼ੀਨਾਂ
ਰਿਪੋਰਟਾਂ ਅਨੁਸਾਰ, ਇਹ ਨਵੇਂ ATM ਅਤੇ ਹਾਈਬ੍ਰਿਡ ATM (ਜੋ ਵੱਡੇ ਨੋਟਾਂ ਨੂੰ ਛੋਟਿਆਂ ਵਿੱਚ ਬਦਲ ਸਕਣਗੇ) ਹੇਠ ਲਿਖੀਆਂ ਥਾਵਾਂ ‘ਤੇ ਲਗਾਏ ਜਾਣਗੇ।
- ਸਥਾਨਕ ਬਾਜ਼ਾਰ ਅਤੇ ਮੰਡੀਆਂ
- ਰੇਲਵੇ ਸਟੇਸ਼ਨ ਅਤੇ ਬੱਸ ਅੱਡੇ
- ਹਸਪਤਾਲ ਅਤੇ ਸਰਕਾਰੀ ਦਫ਼ਤਰ
ਪੂਰੇ ਦੇਸ਼ ‘ਚ ਕਦੋਂ ਹੋਵੇਗਾ ਲਾਗੂ
ਸੂਤਰਾਂ ਅਨੁਸਾਰ, ਮੁੰਬਈ ਵਿੱਚ ਚੱਲ ਰਹੇ ਟੈਸਟ ਦੇ ਸਫ਼ਲ ਹੋਣ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਸਿਸਟਮ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਇਸ ਨਾਲ ਲੋਕਾਂ ਨੂੰ ਖੁੱਲ੍ਹੇ ਪੈਸਿਆਂ ਲਈ ਇੱਧਰ-ਉੱਧਰ ਭਟਕਣਾ ਨਹੀਂ ਪਵੇਗਾ।
