ਨਵੀਂ ਦਿੱਲੀ, 23 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (UAE) ਦੇ ਸਬੰਧਾਂ ਵਿੱਚ ਇੱਕ ਹੋਰ ਸੁਖਦ ਮੋੜ ਆਇਆ ਹੈ। UAE ਸਰਕਾਰ ਨੇ ਆਪਣੇ ਨੈਸ਼ਨਲ ਡੇਅ ਤੋਂ ਪਹਿਲਾਂ 900 ਤੋਂ ਵੱਧ ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਨੂੰ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਸੌਂਪ ਦਿੱਤੀ ਗਈ ਹੈ।
ਦਰਅਸਲ, UAE ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਇਨ੍ਹਾਂ 900 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਦਾ ਫੈਸਲਾ ਆਪਣੇ ‘ਨੈਸ਼ਨਲ ਡੇਅ’ (ਈਦ ਅਲ ਇਤਿਹਾਦ) ਦੇ ਮੌਕੇ ‘ਤੇ ਮਾਨਵਤਾ ਦੇ ਆਧਾਰ ‘ਤੇ ਲਿਆ ਹੈ।
2 ਦਸੰਬਰ ਨੂੰ ਮਨਾਇਆ ਜਾਂਦਾ ਹੈ ‘ਈਦ ਅਲ ਇਤਿਹਾਦ’
ਈਦ ਅਲ ਇਤਿਹਾਦ UAE ਦਾ ਰਾਸ਼ਟਰੀ ਜਸ਼ਨ ਹੈ ਜੋ ਹਰ ਸਾਲ 2 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ 1971 ਵਿੱਚ ਸੱਤ ਅਮੀਰਾਤਾਂ ਦੇ ਏਕੀਕਰਨ ਦੀ ਯਾਦ ਦਿਵਾਉਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ UAE ਦੇ ਰਾਸ਼ਟਰਪਤੀ ਨੇ 2,937 ਕੈਦੀਆਂ ਨੂੰ ਇਸ ਮੌਕੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।
ਜੁਰਮਾਨਾ ਵੀ ਕੀਤਾ ਮਾਫ਼
ਸਭ ਤੋਂ ਅਹਿਮ ਗੱਲ ਇਹ ਹੈ ਕਿ UAE ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਕੈਦੀਆਂ ਦੀ ਸਜ਼ਾ ਦੇ ਹਿੱਸੇ ਵਜੋਂ ਲਗਾਏ ਗਏ ਵਿੱਤੀ ਜੁਰਮਾਨੇ ਨੂੰ ਵੀ ਮਾਫ਼ ਕਰਨ ਦਾ ਵਾਅਦਾ ਕੀਤਾ ਹੈ। ਇਸ ਨਾਲ ਕੈਦੀਆਂ ਦੇ ਪਰਿਵਾਰਾਂ ‘ਤੇ ਆਰਥਿਕ ਬੋਝ ਨਹੀਂ ਪਵੇਗਾ ਅਤੇ ਉਹ ਆਪਣੇ ਪਿਆਰਿਆਂ ਦੇ ਮੁੜ ਵਸੇਬੇ ਵਿੱਚ ਮਦਦ ਕਰ ਸਕਣਗੇ।
ਭਾਰਤ ਅਤੇ UAE ਦੇ ਮਜ਼ਬੂਤ ਹੁੰਦੇ ਰਿਸ਼ਤੇ
ਹਾਲ ਹੀ ਵਿੱਚ UAE ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਭਾਰਤ ਦਾ ਅਧਿਕਾਰਤ ਦੌਰਾ ਕੀਤਾ ਸੀ। ਪਿਛਲੇ 10 ਸਾਲਾਂ ਵਿੱਚ ਇਹ ਉਨ੍ਹਾਂ ਦਾ ਪੰਜਵਾਂ ਭਾਰਤ ਦੌਰਾ ਸੀ।
ਰੱਖਿਆ ਸਾਂਝੇਦਾਰੀ: ਦੌਰੇ ਦੌਰਾਨ ਇੱਕ ਰਣਨੀਤਕ ਰੱਖਿਆ ਸਾਂਝੇਦਾਰੀ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ।
BRICS ਦਾ ਸਮਰਥਨ: UAE ਨੇ 2026 ਵਿੱਚ ਭਾਰਤ ਦੀ ਬ੍ਰਿਕਸ (BRICS) ਪ੍ਰਧਾਨਗੀ ਦੀ ਸਫਲਤਾ ਲਈ ਪੂਰਾ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਹੈ।
