ਨਵੀਂ ਦਿੱਲੀ, 22 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਚੀਫ ਜਸਟਿਸ ਸੂਰਿਆਕਾਂਤ ਨੇ ਬੁੱਧਵਾਰ ਨੂੰ ਬਿਲਡਰ ਮਾਫੀਆ ਤੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਚੰਡੀਗੜ੍ਹ ਦੀ ਪ੍ਰਸਿੱਧ ਸੁਖਨਾ ਝੀਲ ਦੇ ਸੁੱਕਣ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਟਿੱਪਣੀ ਕੀਤੀ, ਸੁਖਨਾ ਝੀਲ ਨੂੰ ਹੋਰ ਕਿੰਨਾ ਸੁਕਾਓਗੇ। ਚੀਫ ਜਸਟਿਸ ਜੋਇਮਾਲਿਆ ਬਾਗਚੀ ਤੇ ਜਸਟਿਸ ਵਿਪੁਲ ਐੱਮ ਪੰਚੋਲੀ ਦਾ ਬੈਂਚ 1995 ਦੀ ਲੰਬਿਤ ਟੀਐੱਨ ਗੋਦਾਵਰਮਨ ਥਿਰੁਮੁਲਪਾਦ ਸਿਰਲੇਖ ਵਾਲੀ ਜਨਹਿਤ ਪਟੀਸ਼ਨ ’ਚ ਦਾਇਰ ਅੰਤ੍ਰਿਮ ਅਰਜ਼ੀਆਂ ’ਤੇ ਸੁਣਵਾਈ ਕਰ ਰਿਹਾ ਸੀ। ਜਦ ਇਕ ਵਕੀਲ ਨੇ ਝੀਲ ਨਾਲ ਸਬੰਧਤ ਇਕ ਪਟੀਸ਼ਨ ਦਾ ਜ਼ਿਕਰ ਕੀਤਾ ਤਾਂ ਜਸਟਿਸ ਸੂਰਿਆਕਾਂਤ ਨੇ ਜ਼ੁਬਾਨੀ ਟਿੱਪਣੀ ਕੀਤੀ, ਸੁਖਨਾ ਝੀਲ ਨੂੰ ਹੋਰ ਕਿੰਨਾ ਸੁਕਾਓਗੇ? ਪੰਜਾਬ ’ਚ ਸਿਆਸੀ ਸੰਸਥਾਵਾਂ ਦੇ ਸਮਰਥਨ ਤੇ ਅਧਿਕਾਰੀਆਂ ਦੀ ਮਿਲੀਭੁਗਤ ਤੇ ਗੰਢਤੁਪ ਨਾਲ ਨਾਜਾਇਜ਼ ਨਿਰਮਾਣ ਹੋ ਰਹੇ ਹਨ, ਜਿਸ ਨਾਲ ਝੀਲ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਰਹੀ ਹੈ। ਸਾਰੇ ਬਿਲਡਰ ਮਾਫੀਆ ਉਥੇ ਕੰਮ ਕਰ ਰਹੇ ਹਨ।
ਸੁਪਰੀਮ ਕੋਰਟ ਨੇ ਪਹਿਲਾਂ ਹੈਰਾਨੀ ਜ਼ਾਹਰ ਕੀਤੀ ਸੀ ਕਿ ਜੰਗਲ ਤੇ ਝੀਲਾਂ ਨਾਲ ਜੁੜੇ ਸਾਰੇ ਮਾਮਲੇ ਹਾਈ ਕੋਰਟ ਨੂੰ ਛੱਡ ਕੇ ਸਿੱਧੇ ਸੁਪਰੀਮ ਕੋਰਟ ’ਚ ਕਿਉਂ ਆ ਰਹੇ ਹਨ, ਉਹ ਵੀ 1995 ਦੀ ਲੰਬਿਤ ਜਨਹਿਤ ਪਟੀਸ਼ਨ ’ਚ ਅੰਤ੍ਰਿਮ ਅਰਜ਼ੀਆਂ ਦੇ ਰੂਪ ’ਚ। ਸੁਖਨਾ ਝੀਲ ਮਾਮਲੇ ਨਾਲ ਸਬੰਧਤ ਇਕ ਅਰਜ਼ੀ ਦਾ ਜ਼ਿਕਰ ਕਰਦੇ ਹੋਏ ਚੀਫ ਜਸਟਿਸ ਨੇ ਕਿਹਾ ਸੀ, ਅਜਿਹਾ ਲੱਗ ਰਿਹਾ ਹੈ ਕਿ ਕੁਝ ਨਿੱਜੀ ਡਿਵੈਲਪਰਾਂ ਤੇ ਹੋਰ ਲੋਕਾਂ ਦੇ ਇਸ਼ਾਰੇ ’ਤੇ ਦੋਸਤਾਨਾ ਮੈਚ ਚੱਲ ਰਿਹਾ ਹੈ। ਕੋਰਟ ਨੇ ਕੇਂਦਰ ਵੱਲੋਂ ਪੇਸ਼ ਏਐੱਸਜੀ ਐਸ਼ਵਰਿਆ ਭਾਟੀ ਤੇ ਨਿਆਮਿੱਤਰ ਕੇ. ਪਰਮੇਸ਼ਵਰ ਨੂੰ ਉਨ੍ਹਾਂ ਸਥਾਨਕ ਮੁੱਦਿਆਂ ਦੇ ਬਾਰੇ ਦੱਸਣ ਲਈ ਕਿਹਾ ਸੀ, ਜਿਨ੍ਹਾਂ ਨਾਲ ਹਾਈ ਕੋਰਟ ਖ਼ੁਦ ਨਜਿੱਠ ਸਕਦੇ ਹਨ।
