ਜਲੰਧਰ, 31 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸਮਾਜ ਸੇਵੀ ਵਜੋਂ ਜਾਣੇ ਜਾਂਦੇ ਆਰਟੀਏ ਜਲੰਧਰ ਰਵਿੰਦਰ ਸਿੰਘ ਗਿੱਲ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਸਵੇਰ ਸਮੇਂ ਡਿਊਟੀ ’ਤੇ ਜਾਣ ਲਈ ਤਿਆਰ ਹੋ ਰਹੇ ਸਨ ਕਿ ਅਚਾਨਕ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ ਡਰਾਈਵਰ ਤੇ ਸੁਰੱਖਿਆ ਮੁਲਾਜ਼ਮਾਂ ਨੇ ਗਿੱਲ ਨੂੰ ਮੌਕੇ ’ਤੇ ਚੁੱਕ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਆਰਟੀਏ ਆਪਣੇ ਪਿੱਛੇ ਪਤਨੀ ਤੇ ਤਿੰਨ ਪੁੱਤਰ ਛੱਡ ਗਿਆ। ਰਵਿੰਦਰ ਗਿੱਲ ਦੀ ਮੌਤ ਕਾਰਨ ਪਰੇ ਟਰਾਂਸਪੋਰਟ ਵਿਭਾਗ ਸਮੇਤ ਉ੍ਸਦੇ ਦੋਸਤਾਂ, ਮਿੱਤਰਾਂ, ਸਨੇਹੀਆਂ ਤੇ ਰਿਸ਼ਤੇਦਾਰਾਂ ’ਚ ਸੋਗ ਦੀ ਲਹਿਰ ਫੈਲ ਗਈ। ਇੱਥੇ ਜ਼ਿਕਰਯੋਗ ਹੈ ਕਿ ਗਿੱਲ ਸੈਕਟਰੀ ਟਰਾਂਸਪੋਰਟ ਪੰਜਾਬ ਦੇ ਅਹੁਦੇ ’ਤੇ ਵੀ ਤਾਇਨਾਤ ਰਹੇ। ਉਨ੍ਹਾਂ ਦਾ ਸੁਭਾਅ ਬਹੁਤ ਮਿਲਣਸਾਰ ਸੀ ਜਿਸ ਕਾਰਨ ਉਹ ਜਿੱਥੇ ਵੀ ਜਾਂਦੇ ਸੀ ਆਪਣੀ ਵੱਖਰੀ ਛਾਪ ਛੱਡਦੇ ਰਹੇ। ਉਨ੍ਹਾਂ ਦੀ ਮੌਤ ’ਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਮੇਅਰ ਪਦਮਜੀਤ ਸਿੰਘ ਮਹਿਤਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸੀਨੀਅਰ ਅਕਾਲੀ ਆਗੂ ਨਰਦੇਵ ਸਿੰਘ ਪੂਹਲੀ, ਇਕਬਾਲਜੀਤ ਸਿੰਘ ਪੂਹਲੀ, ਗੁਰਵਿੰਦਰ ਸ਼ਰਮਾ ਸਮਾਜ ਸੇਵੀ ਤੋਂ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ, ਵਪਾਰਕ ਜਥੇਬੰਦੀਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ। ਰਵਿੰਦਰ ਸਿੰਘ ਗਿੱਲ ਦਾ ਅੰਤਿਮ ਸਸਕਾਰ ਅੱਜ ਬੁੱਧਵਾਰ ਨੂੰ ਸਵੇਰੇ ਕਰੀਬ 11.30 ਵਜੇ ਡੀਏਵੀ ਕਾਲਜ ਨੇੜਲੇ ਰਾਮ ਬਾਗ ’ਚ ਹੋਵੇਗਾ।
