ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਲਾਲ ਕਿਲ੍ਹੇ ਦੇ ਬਾਹਰ ਹਰਿਆਣਾ ਨੰਬਰ ਦੀ ਆਈ-20 ਕਾਰ ’ਚ ਮਨੁੱਖੀ ਬੰਬ ਬਣ ਕੇ ਧਮਾਕਾ ਕਰਨ ਦੇ ਮਾਮਲੇ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਕ ਹੋਰ ਅੱਤਵਾਦੀ ਯਾਸਿਰ ਅਹਿਮਦ ਡਾਰ ਨੂੰ ਦਿੱਲੀ ਦੇ ਇਕ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਤੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਆਈਏ ਦੀ ਜਾਂਚ ’ਚ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ ਕਿ ਯਾਸਿਰ ਵੀ ਲਾਲ ਕਿਲ੍ਹਾ ਕਾਰ ਧਮਾਕੇ ’ਚ ਮਾਰੇ ਗਏ ਅੱਤਵਾਦੀ ਡਾ. ਉਮਰ ਦੀ ਤਰ੍ਹਾਂ ਮਨੁੱਖੀ ਬੰਬ ਬਣਨ ਦੀ ਤਿਆਰੀ ਕਰ ਰਿਹਾ ਸੀ। ਉਸ ਦੀ ਯੋਜਨਾ ਵੀ ਆਤਮਘਾਤੀ ਹਮਲਾ ਕਰਨ ਦੀ ਸੀ, ਪਰ ਜਦ ਸਫ਼ੈਦਪੋਸ਼ ਮਾਡਿਊਲ ਦੇ ਕਈ ਅੱਤਵਾਦੀ ਫੜੇ ਗਏ ਤਾਂ ਘਟਨਾ ਵਾਲੇ ਦਿਨ (10 ਨਵੰਬਰ) ਨੂੰ ਡਾ. ਉਮਰ ਨੂੰ ਮਨੁੱਖੀ ਬੰਬ ਬਣ ਕੇ ਧਮਾਕਾ ਕਰਨ ਦੀ ਨਸੀਹਤ ਯਾਸਿਰ ਨੇ ਹੀ ਦਿੱਤੀ ਸੀ। ਉਸ ਦਿਨ ਉਸ ਨੇ ਖ਼ੁਦ ਨੂੰ ਸ਼ੋਪੀਆਂ (ਸ੍ਰੀਨਗਰ) ’ਚ ਹੋਣ ਕਾਰਨ ਅਫ਼ਸੋਸ ਜ਼ਾਹਰ ਕੀਤਾ ਸੀ। ਜਾਂਚ ’ਚ ਇਹ ਵੀ ਪਤਾ ਲੱਗਾ ਹੈ ਕਿ ਯਾਸਿਰ ਇਸ ਮਾਮਲੇ ’ਚ ਦੂਜੇ ਮੁਲਜ਼ਮਾਂ ਡਾ. ਉਮਰ ਉਨ ਨਬੀ (ਬੰਬ ਧਮਾਕਾ ਕਰਨ ਵਾਲਾ ਅੱਤਵਾਦੀ) ਤੇ ਮੁਫ਼ਤੀ ਇਰਫ਼ਾਨ ਦੇ ਸੰਪਰਕ ’ਚ ਸੀ। ਐੱਨਆਈਏ ਨੇ ਮੁਲਜ਼ਮ ਯਾਸਿਰ ਅਹਿਮਦ ਡਾਰ ਨੂੰ ਪਟਿਆਲਾ ਕੋਰਟ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਟ੍ਰਾਂਜਿਟ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਐੱਨਆਈਏ ਦਾ ਕਹਿਣਾ ਹੈ ਕਿ ਫ਼ਰੀਦਾਬਾਦ ’ਚ ਸਫ਼ੈਦਪੋਸ਼ ਡਾਕਟਰ ਮਾਡਿਊਲ ਦੇ ਕਈ ਅੱਤਵਾਦੀਆਂ ਦੇ ਫੜੇ ਜਾਣ ਤੋਂ ਬਾਅਦ ਜਦ ਪੁਲਿਸ ਨੇ ਸ਼ਿਕੰਜਾ ਕੱਸਿਆ ਤਾਂ ਡਾ. ਉਮਰ ਨੇ ਹਫੜਾ-ਦਫੜੀ ’ਚ ਫ਼ਰੀਦਾਬਾਦ ਤੋਂ ਦਿੱਲੀ ਆ ਕੇ ਬੀਤੀ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਬਾਹਰ ਮਨੁੱਖੀ ਬੰਬ ਬਣ ਕੇ ਧਮਾਕਾ ਕਰ ਦਿੱਤਾ ਸੀ। ਵੈਸੇ ਇਸ ਮਾਡਿਊਲ ਦੀ ਯੋਜਨਾ ਫ਼ਿਲਹਾਲ ਅਜੇ ਧਮਾਕਾ ਕਰਨ ਦੀ ਨਹੀਂ ਸੀ। ਅਜੇ ਉਹ ਸਿਰਫ਼ ਪਲਾਨਿੰਗ ਹੀ ਕਰ ਰਹੇ ਸਨ। ਜੇ ਯਾਸਿਰ ਵੀ ਉਸ ਸਮੇਂ ਐੱਨਸੀਆਰ ’ਚ ਹੁੰਦਾ ਤਦ ਉਹ ਵੀ ਮਨੁੱਖੀ ਬੰਬ ਬਣ ਕੇ ਐੱਨਸੀਆਰ ਨੂੰ ਦਹਿਲਾ ਸਕਦਾ ਸੀ। ਲਾਲ ਕਿਲ੍ਹਾ ਬਲਾਸਟ ਮਾਮਲੇ ’ਚ 15 ਲੋਕਾਂ ਦੀ ਮੌਤ ਹੋਈ ਸੀ, ਜਦਕਿ 22 ਲੋਕ ਜ਼ਖ਼ਮੀ ਹੋਏ ਸਨ।

ਸ੍ਰੀਨਗਰ ਦੇ ਸ਼ੋਪੀਆਂ ਦਾ ਹੈ ਨਿਵਾਸੀ, ਦਿੱਲੀ ਤੋਂ ਫੜਿਆ

ਐੱਨਆਈਏ ਦਾ ਕਹਿਣਾ ਹੈ ਕਿ ਇਸ ਕੇਸ ’ਚ ਗ੍ਰਿਫ਼ਤਾਰ ਯਾਸਿਰ ਅਹਿਮਦ ਡਾਰ ਨੌਵਾਂ ਅੱਤਵਾਦੀ ਹੈ ਤੇ ਉਹ ਸ੍ਰੀਨਗਰ ਦੇ ਸ਼ੋਪੀਆਂ ਦਾ ਰਹਿਣ ਵਾਲਾ ਹੈ। ਸਥਾਨਕ ਸੂਤਰਾਂ ਨੇ ਦੱਸਿਆ ਕਿ ਯਾਸਿਰ ਨੇ ਦਸਵੀਂ ਤੋਂ ਪਹਿਲਾਂ ਹੀ ਪੜ੍ਹਾਈ ਛੱਡ ਦਿੱਤੀ ਸੀ ਤੇ ਬਾਗ਼ਬਾਨੀ ਦੇ ਕੰਮ ਨਾਲ ਜੁੜਿਆ ਸੀ। ਉਸ ਨੂੰ ਐੱਨਆਈਏ ਨੇ ਦਿੱਲੀ ਤੋਂ ਇਕ ਮੁਸਲਿਮ ਬਹੁਗਿਣਤੀ ਇਲਾਕੇ ਤੋਂ ਫੜਿਆ ਹੈ। ਐੱਨਆਈਏ ਨੂੰ ਜਾਂਚ ’ਚ ਪਤਾ ਲੱਗਾ ਹੈ ਕਿ ਲਾਲ ਕਿਲ੍ਹਾ ਬੰਬ ਬਲਾਸਟ ਦੇ ਪਿੱਛੇ ਸਾਜ਼ਿਸ਼ ’ਚ ਯਾਸਿਰ ਦੀ ਵੀ ਸਰਗਰਮ ਭੂਮਿਕਾ ਸੀ। ਉਸ ਨੇ ਬਲੀਦਾਨ ਦੇਣ ਵਾਲੇ ਆਪ੍ਰੇਸ਼ਨ ਕਰਨ ਦੀ ਸਹੁੰ ਖਾਧੀ ਸੀ। ਵੱਖ-ਵੱਖ ਕੇਂਦਰੀ ਤੇ ਸੂਬਾਈ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਦੇ ਹੋਏ ਐੱਨਆਈਏ ਅੱਤਵਾਦੀ ਹਮਲੇ ਦੇ ਪਿੱਛੇ ਸਾਜ਼ਿਸ਼ ਦਾ ਪਤਾ ਲਾਉਣ ਲਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਮਹੀਨੇ ਦੇ ਸ਼ੁਰੂਆਤ ’ਚ ਇਸ ਨੇ ਜੰਮੂ-ਕਸ਼ਮੀਰ ਤੇ ਉੱਤਰ ਪ੍ਰਦੇਸ਼ ’ਚ ਕਈ ਸ਼ੱਕੀਆਂ ਦੇ ਟਿਕਾਣਿਆਂ ’ਤੇ ਵੱਡੇ ਪੱਧਰ ’ਤੇ ਤਲਾਸ਼ੀ ਲਈ ਤੇ ਕਈ ਡਿਜੀਟਲ ਡਿਵਾਈਸ ਤੇ ਹੋਰ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਹੈ। ਇਸ ਤੋਂ ਪਹਿਲਾਂ ਮੁੱਖ ਮੁਲਜ਼ਮ ਡਾ. ਮੁਜਮਿੱਲ ਸ਼ਕੀਲ ਗਨੀ ਤੇ ਡਾ. ਸ਼ਾਹੀਨ ਸਈਦ ਦੇ ਟਿਕਾਣਿਆਂ ’ਤੇ ਵੀ ਤਲਾਸ਼ੀ ਲਈ ਗਈ ਸੀ, ਜੋ ਅਲ ਫਲਾਹ ਯੂਨੀਵਰਿਸਟੀ ਕੰਪਲੈਕਸ ਤੇ ਫ਼ਰੀਦਾਬਾਦ ’ਚ ਹੋਰ ਥਾਵਾਂ ’ਤੇ ਸਨ।

ਸੰਖੇਪ:

NIA ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਲਾਲ ਕਿਲ੍ਹਾ ਬਲਾਸਟ ਤੋਂ ਪਹਿਲਾਂ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਯਾਸਿਰ ਅਹਿਮਦ ਡਾਰ ਮਨੁੱਖੀ ਬੰਬ ਬਣ ਕੇ ਆਤਮਘਾਤੀ ਹਮਲਾ ਕਰਨ ਦੀ ਤਿਆਰੀ ਵਿੱਚ ਸੀ, ਜਿਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।