ਚੰਡੀਗੜ੍ਹ, 17 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਵਿਚ ਕਬੱਡੀ ਪਿਛਲੇ ਕੁਝ ਸਾਲਾਂ ਤੋਂ ਸਿਰਫ ਇਕ ਖੇਡ ਨਹੀਂ ਰਹੀ, ਬਲਕਿ ਗੈਂਗਸਟਰਾਂ ਵਿਚਾਲੇ ਦਬਦਬੇ ਦਾ ਮੈਦਾਨ ਬਣ ਚੁੱਕੀ ਹੈ। ਸਾਲ 2020 ਤੋਂ ਹੁਣ ਤੱਕ ਕਬੱਡੀ ਨਾਲ ਜੁੜੇ 12 ਖਿਡਾਰੀਆਂ ਅਤੇ ਪ੍ਰਮੋਟਰਾਂ ਦੀ ਹੱਤਿਆ ਹੋ ਚੁੱਕੀ ਹੈ। ਪੁਲਿਸ ਅਨੁਸਾਰ ਇਨ੍ਹਾਂ ਹੱਤਿਆਵਾਂ ਦੇ ਪਿੱਛੇ ਇਕ ਹੀ ਅਪਰਾਧਿਕ ਢਾਂਚਾ ਕੰਮ ਕਰ ਰਿਹਾ ਹੈ, ਜਿਸ ਵਿਚ ਜੱਗੂ ਭਗਵਾਨਪੁਰੀਆ ਗੈਂਗ, ਲੱਕੀ ਪਟਿਆਲਾ, ਗੋਲਡੀ ਬਰਾੜ, ਲਾਰੈਂਸ, ਕੌਸ਼ਲ ਗੈਂਗ ਅਤੇ ਉਨ੍ਹਾਂ ਦੇ ਸਹਿਯੋਗੀ ਸ਼ੂਟਰ ਸ਼ਾਮਲ ਹਨ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਹੱਤਿਆਵਾਂ ਦਾ ਕਾਰਨ ਕਬੱਡੀ ਟੂਰਨਾਮੈਂਟ ਦੇ ਨਾਂ ’ਤੇ ਵਿਦੇਸ਼ ਤੋਂ ਹੋ ਰਹੀ ਫੰਡਿੰਗ, ਗੈਂਗ ’ਤੇ ਕੰਟਰੋਲ ਤੇ ਮੈਚਾਂ ’ਤੇ ਕਬਜ਼ਾ ਹੈ।

ਇਸ ਖ਼ੂਨੀ ਚੱਕਰ ਦੀ ਸ਼ੁਰੂਆਤ 2020 ’ਚ ਕਪੂਰਥਲਾ ਵਿਚ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਅਤੇ ਜਲੰਧਰ ਦੇ ਸ਼ਾਹਕੋਟ ਵਿਚ ਸੰਦੀਪ ਨੰਗਲ ਅੰਬੀਆ ਦੀ ਹੱਤਿਆ ਨਾਲ ਹੋਈ। ਸ਼ੁਰੂ ’ਚ ਪੁਲਿਸ ਨੇ ਇਸ ਨੂੰ ਨਿੱਜੀ ਰੰਜਿਸ਼ ਦੱਸਿਆ ਪਰ ਬਾਅਦ ਵਿਚ ਇਹ ਸਾਫ਼ ਹੋ ਗਿਆ ਕਿ ਹੱਤਿਆ ਦੀ ਅਸਲੀ ਵਜ੍ਹਾ ਕਬੱਡੀ ਟੂਰਨਾਮੈਂਟ ਦੀ ਕਮਾਈ ਅਤੇ ਗੈਂਗ ਲਈ ਖਿਡਾਰੀਆਂ ’ਤੇ ਕੰਟਰੋਲ ਸੀ। ਇੱਥੋਂ ਹੀ ਕਬੱਡੀ ਵਿਚ ਗੈਂਗਸਟਰਾਂ ਦਾ ਖੁੱਲ੍ਹਾ ਦਖ਼ਲ ਹੋਣਾ ਮੰਨਿਆ ਜਾਂਦਾ ਹੈ। ਹਾਲ ਹੀ ਵਿਚ ਚਾਰ ਨਵੰਬਰ ਨੂੰ ਲੁਧਿਆਣਾ ਵਿਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੀ ਹੱਤਿਆ ਕਰ ਕੇ ਲਾਰੈਂਸ ਗੈਂਗ ਨੇ ਇਸਦੀ ਜ਼ਿੰਮੇਵਾਰੀ ਲਈ। ਇਸ ਹੱਤਿਆ ਦੇ ਬਾਅਦ ਪੰਜਾਬ ਤੋਂ ਕੈਨੇਡਾ, ਯੂਕੇ, ਅਤੇ ਅਮਰੀਕਾ ਤੱਕ ਦੇ ਖਿਡਾਰੀਆਂ ਵਿਚ ਗੈਂਗਸਟਰਾਂ ਦਾ ਖੌਫ਼ ਵਧ ਗਿਆ। ਹੁਣ ਪਿਛਲੇ ਸੋਮਵਾਰ ਨੂੰ ਮੁਹਾਲੀ ਵਿਚ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੀ ਹੱਤਿਆ ਹੋ ਗਈ।

ਨਿਊਜ਼ੀਲੈਂਡ ਵਿਵਾਦ ਤੋਂ ਪੰਜਾਬ ਤੱਕ ਫਾਇਰਿੰਗ

ਨਿਊਜ਼ੀਲੈਂਡ ’ਚ ਕਬੱਡੀ ਪ੍ਰਮੋਟਰਾਂ ਦੇ ਵਿਚਕਾਰ ਪੈਸੇ ਅਤੇ ਲੀਗ ਕੰਟਰੋਲ ਨੂੰ ਲੈ ਕੇ ਵਿਵਾਦ ਹੋਇਆ। ਮਾਮਲਾ ਵਧਣ ‘ਤੇ ਇਕ ਪੱਖ ਨੇ ਜੱਗੂ ਭਗਤਪੁਰੀਆ ਤੋਂ ਮਦਦ ਮੰਗੀ। ਇਸ ਤੋਂ ਬਾਅਦ ਪੰਜਾਬ ਵਿਚ ਗੈਂਗ ਸਰਗਰਮ ਹੋ ਗਏ ਅਤੇ ਹੋਸ਼ਿਆਰਪੁਰ ਵਿਚ ਸਾਹਿਬ ਸਿੰਘ ਦੇ ਘਰ ‘ਤੇ ਫਾਇਰਿੰਗ ਕਰਵਾਈ ਗਈ। ਇਸ ਤੋਂ ਬਾਅਦ ਬਿੰਨੀ ਗੁੱਜਰ ਦੀ ਗ੍ਰਿਫਤਾਰੀ ਤੋਂ ਬਾਅਦ ਜੱਗੂ ਦਾ ਨਾਂ ਸਾਹਮਣੇ ਆਇਆ। ਸਾਹਿਬ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਨਿਊਜ਼ੀਲੈਂਡ ਵਿਚ ਕਬੱਡੀ ਕਰਵਾਉਂਦੇ ਸਨ। ਜਦੋਂ ਜੱਗੂ ਦੀ ਐਂਟਰੀ ਹੋਈ ਤਾਂ ਖਿਡਾਰੀ ਸੰਦੀਪ ਨੰਗਲ ਅੰਬੀਆ ਨਾਲ ਮਿਲ ਗਿਆ ਅਤੇ ਨਵੀਂ ਮੇਜਰ ਕਬੱਡੀ ਲੀਗ ਸ਼ੁਰੂ ਹੋਈ। ਅੰਬੀਆ ਦੀ ਹੱਤਿਆ ਵਿਚ ਲੱਕੀ ਪਟਿਆਲਾ, ਬੰਬੀਹਾ-ਕੌਸ਼ਲ ਗੈਂਗ ਸ਼ਾਮਲ ਸੀ।

ਹਰ ਸਾਲ ਹੁੰਦੈ ਕਰੋੜਾਂ ਦਾ ਨਿਵੇਸ਼

ਪੰਜਾਬ ਸਮੇਤ ਵਿਦੇਸ਼ਾਂ ਵਿਚ ਹਰ ਸਾਲ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਵਿਚ ਲਗਪਗ 35 ਤੋਂ 50 ਕਰੋੜ ਰੁਪਏ ਦਾ ਨਿਵੇਸ਼ ਹੁੰਦਾ ਹੈ ਅਤੇ ਫਿਰ ਕਰੋੜਾਂ ਦਾ ਸੱਟਾ ਲੱਗਦਾ ਹੈ। ਪੰਜਾਬ ਅਤੇ ਕੈਨੇਡਾ ’ਚ ਕਰਵਾਏ ਟੂਰਨਾਮੈਂਟਾਂ ’ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭੂਮਿਕਾ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਵੀ ਕਬੱਡੀ ਮੈਚਾਂ ਵਿਚ ਨਿਵੇਸ਼ ਨਾਲ ਜੁੜੇ ਹੋਏ ਹਨ। ਗੈਂਗਸਟਰ ਆਪਣੇ ਪ੍ਰਭਾਵਸ਼ਾਲੀ ਲੋਕਾਂ ਰਾਹੀਂ ਨਵੇਂ ਕਬੱਡੀ ਕਲੱਬ ਬਣਵਾਉਂਦੇ ਹਨ ਜਾਂ ਮੌਜੂਦਾ ਕਲੱਬਾਂ ਵਿਚ ਹਿੱਸੇਦਾਰੀ ਲੈਂਦੇ ਹਨ। ਖਿਡਾਰੀਆਂ ‘ਤੇ ਦਬਾਅ ਪਾਇਆ ਜਾਂਦਾ ਹੈ ਕਿ ਉਹ ਉਨ੍ਹਾਂ ਹੀ ਕਲੱਬਾਂ ਵੱਲੋਂ ਖੇਡਣ। ਇਨਕਾਰ ਕਰਨ ‘ਤੇ ਖਿਡਾਰੀਆਂ ਨੂੰ ਆਰਥਿਕ ਨੁਕਸਾਨ, ਕਰੀਅਰ ਖ਼ਤਮ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਕੈਨੇਡਾ ਵਿਚ ਹਰ ਸਾਲ ਲਗਪਗ 40 ਤੋਂ ਵੱਧ ਕਬੱਡੀ ਟੂਰਨਾਮੈਂਟ ਹੁੰਦੇ ਹਨ, ਜਿਨ੍ਹਾਂ ਵਿਚ ਵੱਡੀ ਮਾਤਰਾ ’ਚ ਸੰਗਠਿਤ ਅਪਰਾਧ ਦਾ ਪੈਸਾ ਲਗਾਉਣ ਦੇ ਦੋਸ਼ ਹਨ। ਪਿਛਲੇ ਦੋ ਸਾਲਾਂ ਵਿਚ ਉੱਥੇ ਕਬੱਡੀ ਨਾਲ ਜੁੜੀਆਂ 17 ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਗ਼ੈਰ ਕਾਨੂੰਨੀ ਤੌਰ ‘ਤੇ ਅੰਡਰਵਰਲਡ ਦੀ ਵੱਡੀ ਕਮਾਈ ਦਾ ਜ਼ਰੀਆ ਬਣ ਚੁੱਕੀ ਹੈ। ਗੈਂਗਸਟਰ ਨਾ ਸਿਰਫ ਖਿਡਾਰੀਆਂ ਅਤੇ ਕਲੱਬਾਂ ਨੂੰ ਕੰਟਰੋਲ ਕਰਦੇ ਹਨ, ਬਲਕਿ ਮੈਚ ਦੇ ਨਤੀਜਿਆਂ ‘ਤੇ ਵੀ ਕਰੋੜਾਂ ਦਾ ਸੱਟਾ ਲੱਗਦਾ ਹੈ।

2020 ਤੋਂ ਹੁਣ ਤੱਕ ਕਬੱਡੀ ਨਾਲ ਜੁੜੀਆਂ ਅਹਿਮ ਹੱਤਿਆਵਾਂ

– ਮਈ 2020 – ਕਪੂਰਥਲਾ : ਅਰਵਿੰਦਰ ਜੀਤ ਸਿੰਘ ਪੱਡਾ, ਸੰਦੀਪ ਨੰਗਲ ਅੰਬੀਆ

– ਅਗਸਤ 2020 – ਬਟਾਲਾ : ਗੁਰਮੇਜ਼ ਸਿੰਘ

– ਮਾਰਚ 2022 – ਜਲੰਧਰ: ਸੰਦੀਪ ਸਿੰਘ ਨੰਗਲ ਅੰਬੀਆ

– ਅਪ੍ਰੈਲ 2022 – ਪਟਿਆਲਾ: ਧਰਮਿੰਦਰ ਸਿੰਘ

– ਸਤੰਬਰ 2023 – ਕਪੂਰਥਲਾ: ਹਰਦੀਪ ਸਿੰਘ

– ਨਵੰਬਰ 2024 – ਤਰਨਤਾਰਨ: ਸੁਖਵਿੰਦਰ ਸਿੰਘ ਸੋਨੀ

– ਮਈ 2025 – ਪੰਚਕੂਲਾ: ਸੋਨੂ ਨੋਲਟਾ

– ਅਕਤੂਬਰ 2025 – ਲੁਧਿਆਣਾ: ਤੇਜਪਾਲ ਸਿੰਘ

– ਨਵੰਬਰ 2025 – ਗੁਰਵਿੰਦਰ ਸਿੰਘ

ਸੰਖੇਪ:-

ਪੰਜਾਬ ਵਿਚ ਕਬੱਡੀ ਗੈਂਗਸਟਰਾਂ ਦੀ ਦਬਦਬੇ ਅਤੇ ਅੰਡਰਵਰਲਡ ਫੰਡਿੰਗ ਦੀ ਜੰਗ ਬਣ ਚੁੱਕੀ ਹੈ, ਜਿੱਥੇ 2020 ਤੋਂ ਹੁਣ ਤੱਕ 12 ਖਿਡਾਰੀ ਤੇ ਪ੍ਰਮੋਟਰ ਕਤਲ ਹੋ ਚੁੱਕੇ ਹਨ ਅਤੇ ਖੇਡ ‘ਤੇ ਸੰਗਠਿਤ ਅਪਰਾਧ ਦਾ ਗੰਭੀਰ ਖਤਰਾ ਮੰਡਰਾ ਰਿਹਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।