ਨਵੀਂ ਦਿੱਲੀ, 16 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਮਹਾਰਾਸ਼ਟਰ ਦੇ ਇੱਕ ਬੈਂਕ ਰਿਕਵਰੀ ਏਜੰਟ ਨੇ 1 ਕਰੋੜ ਰੁਪਏ ਦੀ ਇੰਸ਼ੋਰੈਂਸ ਪਾਲਿਸੀ ਦੇ ਲਾਲਚ ਵਿੱਚ ਇੱਕ ਅਜਿਹਾ ਖੌਫਨਾਕ ਪਲਾਨ ਬਣਾਇਆ ਕਿ ਹਰ ਕੋਈ ਹੈਰਾਨ ਰਹਿ ਗਿਆ।

ਦਰਅਸਲ, ਉਸਨੇ ਇੱਕ ਬੇਕਸੂਰ ਲਿਫਟ ਲੈਣ ਵਾਲੇ ਨੂੰ ਕਾਰ ਵਿੱਚ ਜ਼ਿੰਦਾ ਜਲਾ ਦਿੱਤਾ, ਤਾਂ ਜੋ ਦੁਨੀਆ ਉਸਨੂੰ ਮਰਿਆ ਹੋਇਆ ਸਮਝੇ। ਇਸ ਦੌਰਾਨ ਉਸਦਾ ਪਰਿਵਾਰ ਰੋਂਦਾ ਰਿਹਾ, ਪਰ ਗਰਲਫ੍ਰੈਂਡ ਨੂੰ ਭੇਜੇ ਮੈਸੇਜ ਨੇ ਸਾਰਾ ਰਾਜ਼ ਖੋਲ੍ਹ ਦਿੱਤਾ। ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ।

ਐਤਵਾਰ ਤੜਕੇ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਕਾਰ ਪੂਰੀ ਤਰ੍ਹਾਂ ਸੜ ਗਈ ਹੈ ਅਤੇ ਅੰਦਰ ਇੱਕ ਸੜੀ ਹੋਈ ਲਾਸ਼ ਹੈ। ਕਾਰ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਾ ਕਿ ਗੱਡੀ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਗਣੇਸ਼ ਚੌਹਾਨ ਨੂੰ ਦਿੱਤੀ ਸੀ। ਚੌਹਾਨ ਘਰ ਨਹੀਂ ਪਰਤਿਆ ਸੀ ਅਤੇ ਉਸਦਾ ਫੋਨ ਵੀ ਬੰਦ ਸੀ। ਪੁਲਿਸ ਨੂੰ ਲੱਗਾ ਕਿ ਲਾਸ਼ ਚੌਹਾਨ ਦੀ ਹੀ ਹੈ।

ਐਸਪੀ ਨੇ ਦੱਸਿਆ ਕਿ ਸ਼ੁਰੂਆਤੀ ਤੱਥਾਂ ਤੋਂ ਇਹੀ ਲੱਗ ਰਿਹਾ ਸੀ ਕਿ ਮਰਨ ਵਾਲਾ ਚੌਹਾਨ ਹੈ। ਪਰਿਵਾਰ ਨੂੰ ਸੂਚਨਾ ਦਿੱਤੀ ਗਈ, ਸਾਰੇ ਸੋਗ ਵਿੱਚ ਡੁੱਬ ਗਏ। ਪਰ ਅਗਲੇ ਦਿਨ ਜਾਂਚ ਵਿੱਚ ਕੁਝ ਗੱਲਾਂ ਖਟਕਣ ਲੱਗੀਆਂ।

ਗਰਲਫ੍ਰੈਂਡ ਨੂੰ ਭੇਜਿਆ ਮੈਸੇਜ ਬਣਿਆ ਜਾਂਚ ਦਾ ਟ੍ਰਨਿੰਗ ਪੁਆਇੰਟ

ਪੁਲਿਸ ਨੇ ਚੌਹਾਨ ਦੀ ਨਿੱਜੀ ਜ਼ਿੰਦਗੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸਦਾ ਇੱਕ ਔਰਤ ਨਾਲ ਅਫੇਅਰ ਹੈ। ਜਦੋਂ ਉਸ ਔਰਤ ਤੋਂ ਪੁੱਛਗਿੱਛ ਕੀਤੀ ਗਈ, ਤਾਂ ਵੱਡਾ ਖੁਲਾਸਾ ਹੋਇਆ। ਘਟਨਾ ਤੋਂ ਬਾਅਦ ਚੌਹਾਨ ਕਿਸੇ ਹੋਰ ਨੰਬਰ ਤੋਂ ਉਸਨੂੰ ਮੈਸੇਜ ਕਰ ਰਿਹਾ ਸੀ ਅਤੇ ਗੱਲਬਾਤ ਕਰ ਰਿਹਾ ਸੀ। ਇਸ ਤੋਂ ਸਾਫ਼ ਹੋ ਗਿਆ ਕਿ ਚੌਹਾਨ ਜ਼ਿੰਦਾ ਹੈ। ਹੁਣ ਸਵਾਲ ਉੱਠਿਆ ਕਿ ਕਾਰ ਵਿੱਚ ਸੜੀ ਲਾਸ਼ ਕਿਸਦੀ ਹੈ? ਫਿਰ ਪੁਲਿਸ ਨੇ ਦੂਜੇ ਨੰਬਰ ਨੂੰ ਟ੍ਰੈਕ ਕੀਤਾ। ਇਸਨੂੰ ਟ੍ਰੈਕ ਕਰਦੇ ਹੋਏ ਪੁਲਿਸ ਕੋਲ੍ਹਾਪੁਰ ਪਹੁੰਚੀ, ਫਿਰ ਸਿੰਧੂਦੁਰਗ ਦੇ ਵਿਜੇਦੁਰਗ ਵਿੱਚ ਚੌਹਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਲਾਲਚ ਵਿੱਚ ਕੀਤੀ ਗਈ ਹੱਤਿਆ

ਪੁੱਛਗਿੱਛ ਵਿੱਚ ਗਣੇਸ਼ ਚੌਹਾਨ ਨੇ ਸਾਰਾ ਸੱਚ ਉਗਲ ਦਿੱਤਾ। ਉਸਨੇ 1 ਕਰੋੜ ਰੁਪਏ ਦੀ ਲਾਈਫ ਇੰਸ਼ੋਰੈਂਸ ਪਾਲਿਸੀ ਲਈ ਹੋਈ ਸੀ। ਉਸਨੇ ਦੱਸਿਆ ਕਿ ਘਰ ਦਾ ਭਾਰੀ ਕਰਜ਼ਾ ਚੁਕਾਉਣ ਲਈ ਮੌਤ ਦਾ ਡਰਾਮਾ ਰਚਣ ਦਾ ਪਲਾਨ ਬਣਾਇਆ। ਇਸ ਲਈ ਉਸਨੂੰ ਇੱਕ ਅਜਿਹੀ ਲਾਸ਼ ਚਾਹੀਦੀ ਸੀ ਜੋ ਉਸ ਵਰਗੀ ਲੱਗੇ।

ਇਸੇ ਦੌਰਾਨ ਸ਼ਨੀਵਾਰ ਨੂੰ ਉਸਨੇ ਗੋਵਿੰਦ ਯਾਦਵ ਨਾਮ ਦੇ ਇੱਕ ਆਦਮੀ ਨੂੰ ਲਿਫਟ ਦਿੱਤੀ। ਯਾਦਵ ਸ਼ਰਾਬ ਦੇ ਨਸ਼ੇ ਵਿੱਚ ਸੀ, ਚੌਹਾਨ ਨੇ ਇਸੇ ਮੌਕੇ ਦਾ ਫਾਇਦਾ ਉਠਾਇਆ। ਦੋਵੇਂ ਇੱਕ ਢਾਬੇ ‘ਤੇ ਰੁਕੇ, ਖਾਣਾ ਖਾਧਾ। ਫਿਰ ਵਨਵਾੜਾ ਪਾਟੀ-ਵਨਵਾੜਾ ਰੋਡ ‘ਤੇ ਕਾਰ ਰੋਕੀ ਅਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਕਿਵੇਂ ਵਾਰਦਾਤ ਨੂੰ ਦਿੱਤਾ ਅੰਜਾਮ?

ਢਾਬੇ ‘ਤੇ ਖਾਣਾ ਖਾਣ ਤੋਂ ਬਾਅਦ ਯਾਦਵ ਕਾਰ ਵਿੱਚ ਸੌਂ ਗਿਆ ਸੀ। ਚੌਹਾਨ ਨੇ ਉਸਨੂੰ ਡਰਾਈਵਰ ਦੀ ਸੀਟ ‘ਤੇ ਘਸੀਟਿਆ, ਸੀਟਬੈਲਟ ਬੰਨ੍ਹੀ। ਫਿਰ ਸੀਟ ‘ਤੇ ਮਾਚਿਸ ਦੀਆਂ ਤੀਲੀਆਂ ਅਤੇ ਪਲਾਸਟਿਕ ਬੈਗ ਰੱਖ ਕੇ ਅੱਗ ਲਗਾ ਦਿੱਤੀ। ਪੁਲਿਸ ਅਤੇ ਪਰਿਵਾਰ ਨੂੰ ਗੁੰਮਰਾਹ ਕਰਨ ਲਈ ਆਪਣਾ ਬਰੇਸਲੇਟ ਲਾਸ਼ ਦੇ ਕੋਲ ਛੱਡ ਦਿੱਤਾ ਸੀ। ਅੱਗ ਲੱਗਣ ਨਾਲ ਕਾਰ ਸੜ ਕੇ ਸੁਆਹ ਹੋ ਗਈ, ਲਾਸ਼ ਇੰਨੀ ਬੁਰੀ ਤਰ੍ਹਾਂ ਸੜ ਗਈ ਸੀ ਕਿ ਪਛਾਣਨਾ ਮੁਸ਼ਕਲ ਹੋ ਗਿਆ ਸੀ।

ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਐਸਪੀ ਤਾਂਬਲੇ ਨੇ ਕਿਹਾ ਕਿ ਜਾਂਚ ਜਾਰੀ ਹੈ, ਦੇਖਿਆ ਜਾਵੇਗਾ ਕਿ ਚੌਹਾਨ ਦਾ ਕੋਈ ਸਾਥੀ ਤਾਂ ਨਹੀਂ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।