ਨਵੀਂ ਦਿੱਲੀ, 10 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨਾਲ ਧੋਖਾਧੜੀ ਦੇ ਮੁੱਖ ਮੁਲਜ਼ਮ ਮੇਹੁਲ ਚੋਕਸੀ ਨੂੰ ਭਾਰਤ ਲਿਆਉਮ ਦੀ ਦਿਸ਼ਾ ’ਚ ਵੱਡੀ ਤਰੱਕੀ ਹੋਈ ਹੈ। ਬੈਲਜੀਅਮ ਦੇ ਸੁਪਰੀਮ ਕੋਰਟ (ਕੋਰਟ ਆਫ ਕੈਸੇਸ਼ਨ) ਨੇ ਐਂਟਵਰਪ ਕੋਰਟ ਆਫ ਅਪੀਲਸ ਦੇ ਫ਼ੈਸਲੇ ਖ਼ਿਲਾਫ਼ ਚੋਕਸੀ ਦੀ ਅਪੀਲ ਖ਼ਾਰਜ ਕਰ ਦਿੱਤੀ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਸਾਰੀਆਂ ਰਸਮੀ ਕਾਰਵਾਈਆਂ ਤੋਂ ਬਾਅਦ ਹਵਾਲਗੀ ਦਾ ਆਦੇਸ਼ ਅਮਲ ’ਚ ਲਿਆਂਦਾ ਜਾ ਸਕਦਾ ਹੈ। ਉਸ ਨੂੰ ਕਿਸੇ ਵੇਲੇ ਵੀ ਭਾਰਤ ਲਿਆਂਦਾ ਜਾ ਸਕਦਾ ਹੈ।
ਅਧਿਕਾਰੀਆਂ ਮੁਤਾਬਕ ਚੋਕਸੀ ਨੇ 30 ਅਕਤੂਬਰ ਨੂੰ ਕੋਰਟ ਆਫ ਕੈਸੇਸ਼ਨ ’ਚ ਅਪੀਲ ਦਾਖ਼ਲ ਕੀਤੀ ਸੀ, ਜਿਸ ’ਚ 17 ਅਕਤੂਬਰ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਸਿਰਫ਼ ਕਾਨੂੰਨੀ ਪਹਿਲੂਆਂ ਦੀ ਜਾਂਚ ਕਰਦਾ ਹੈ ਤੇ ਇਸੇ ਘੇਰੇ ’ਚ ਚੋਕਸੀ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਹਵਾਲਗੀ ਆਦੇਸ਼ ’ਤੇ ਲੱਗੀ ਆਰਜ਼ੀ ਰੋਕ ਵੀ ਖ਼ਤਮ ਹੋ ਗਈ ਹੈ।
ਚੋਕਸੀ ’ਤੇ ਦੋਸ਼ਾਂ ਨੂੰ ਮੰਨਿਆ ਗੰਭੀਰ
ਐਂਟਵਰਪ ਕੋਰਟ ਨੇ ਪਹਿਲਾਂ ਹੀ ਭਾਰਤ ਦੀ ਹਵਾਲਗੀ ਦੀ ਅਪੀਲ ਨੂੰ ਸਹੀ ਦੱਸਿਆ ਸੀ। ਅਦਾਲਤ ਨੇ ਦੇਖਿਆ ਸੀ ਕਿ ਚੋਕਸੀ ’ਤੇ ਲਗਾਏ ਗਏ ਦੋਸ਼-ਅਪਰਾਧ ਦੀ ਸਾਜ਼ਿਸ਼, ਧੋਖਾਧੜੀ, ਗ਼ਬਨ ਤੇ ਜਾਲਸਾਜ਼ੀ-ਭਾਰਤੀ ਕਾਨੂੰਨ ਤਹਿਤ ਸਜ਼ਾਯੋਗ ਹਨ ਤੇ ਬੈਲਜੀਅਮ ਕਾਨੂੰਨ ’ਚ ਵੀ ਇਨ੍ਹਾਂ ਦੇ ਸਾਹਮਣੇ ਅਪਰਾਧ ਮੌਜੂਦ ਹਨ, ਜਿਹੜੇ ਦੋਹਰੀ ਅਪਰਾਧਕਤਾ ਦੀ ਸ਼ਰਤ ਨੂੰ ਪੂਰਾ ਕਰਦਾ ਹੈ। ਹਾਲਾਂਕਿ ਆਈਪੀਸੀ ਦੀ ਧਾਰਾ 201 (ਸਬੂਤ ਮਿਟਾਉਣ) ਦੇ ਬਰਾਬਰ ਬੈਲਜੀਅਮ ’ਚ ਕੋਈ ਮੱਦ ਨਾ ਹੋਣ ਕਾਰਨ ਇਹ ਦੋਸ਼ ਬਾਹਰ ਰੱਖਿਆ ਗਿਆ।
ਅਦਾਲਤ ਨੇ ਚੋਕਸੀ ਦੇ ਸਿਆਸੀ ਤਸ਼ੱਦਦ ਦੇ ਦਾਅਵਿਆਂ ਏਂਟੀਗਾ ਤੋਂ ਕਥਿਤ ਤੌਰ ’ਤੇ ਅਗ਼ਵਾ ਵਰਗੇ ਦੋਸ਼ਾਂ ਨੂੰ ਵੀ ਬੇਬੁਨਿਆਦ ਦੱਸਿਆ। ਭਾਰਤੀ ਅਧਿਕਾਰੀਆਂ ਨੇ ਉਸ ਦੀ ਸਿਹਤ ਤੇ ਸਹੂਲਤਾਂ ਬਾਰੇ ਵਿਸਥਾਰਤ ਭਰੋਸੇ ਦਿੱਤੇ ਸਨ। ਅਦਾਲਤ ਨੇ ਨੋਟ ਕੀਤਾ ਕਿ ਚੋਕਸੀ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ ਬੈਰਕ ਨੰਬਰ 12 ’ਚ ਰੱਖਿਆ ਜਾਵੇਗਾ, ਜਿੱਥੇ ਨਿਜੀ ਸੁਵੱਛਤਾ ਸਹੂਲਤਾਂ ਮੁਹੀਆਂ ਹਨ ਤੇ ਮੈਡੀਕਲ ਜ਼ਰੂਰਤਾਂ ਤੇ ਅਦਾਲਤ ਪੇਸ਼ੀ ਤੋਂ ਇਲਾਵਾ ਆਵਾਜਾਈ ਸੀਮਤ ਰਹੇਗੀ।
ਚੋਕਸੀ ਨੂੰ 11 ਅਪ੍ਰੈਲ 2025 ਨੂੰ ਐਂਟਵਰਪ ’ਚ ਭਾਰਤ ਦੀ ਅਧਿਕਾਰਤ ਅਪੀਲ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਆਪਣੇ ਭਤੀਜੇ ਨੀਰਵ ਮੋਦੀ ਨਾਲ ਕਰੀਬ 13,000 ਕਰੋੜ ਰੁਪਏ ਦੇ ਪੀਐੱਨਬੀ ਘੁਟਾਲੇ ’ਚ ਦੋਸ਼ੀ ਹੈ।
