ਅੰਮ੍ਰਿਤਸਰ, 08 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਕਾਂਗਰਸ (Punjab Congress) ਦੇ ਸਾਬਕਾ ਪ੍ਰਧਾਨ ਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਡਾ. ਨਵਜੋਤ ਕੌਰ ਇਕ ਵਾਰ ਫਿਰ ਕਾਂਗਰਸ (Punjab Congress) ‘ਤੇ ਭੜਕੀ ਹੈ। ਉਨ੍ਹਾਂ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਪੈਸੇ ਲੈਣ ਵਰਗੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਮਜੀਠੀਆ ਉਨ੍ਹਾਂ ਨੂੰ ਉਹ ਸੂਚੀ ਦੇਣ ਲਈ ਤਿਆਰ ਹਨ, ਜਿਸ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਹਰਾਉਣ ਲਈ ਆਗੂਆਂ ਨੇ ਪੈਸੇ ਵੰਡੇ।
ਧੜੇਬੰਦੀ ਕਾਰਨ ਨਹੀਂ ਜਿੱਤ ਰਹੀ ਕਾਂਗਰਸ
ਇੰਟਰਵਿਊ ਦਿੰਦਿਆਂ ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ਦੇ ਚਾਰ ਆਗੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਧੜੇਬੰਦੀ ਕਾਰਨ ਹੀ ਕਾਂਗਰਸ ਜਿੱਤ ਨਹੀਂ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਸੁਖਜਿੰਦਰ ਸਿੰਘ ਰੰਧਾਵਾ ਉਨ੍ਹਾਂ ਵਿੱਚੋਂ ਇੱਕ ਹਨ ਤੇ ਉਨ੍ਹਾਂ ਦੇ ਸਬੰਧ ਗੈਂਗਸਟਰਾਂ ਨਾਲ ਹਨ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ, ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਮੁੱਖ ਮੰਤਰੀ ਦੀ ਦੌੜ ਵਿੱਚ ਹਨ।
ਬਾਜਵਾ ਦੇ ਭਾਜਪਾ ਨਾਲ ਤੇ ਵੜਿੰਗ ਮਾਨ ਨੂੰ ਮਿਲਣ ਜਾਂਦੇ ਚੋਰੀ-ਚੋਰੀ
ਉਨ੍ਹਾਂ ਦੋਸ਼ ਲਾਇਆ ਹੈ ਕਿ ਬਾਜਵਾ ਦੇ ਭਾਜਪਾ ਨਾਲ ਸਬੰਧ ਹਨ ਤੇ ਰਾਜਾ ਵੜਿੰਗ ਰਾਤ ਨੂੰ ਚੋਰੀ-ਚੋਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਜਾਂਦੇ ਹਨ। ਜੇਕਰ ਇਹ 4-5 ਚਿਹਰੇ ਹਟਾ ਦਿੱਤੇ ਜਾਣ ਤਾਂ ਪੰਜਾਬ ‘ਚ ਕਾਂਗਰਸ ਜਿੱਤ ਜਾਵੇਗੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਿਕਰਮ ਮਜੀਠੀਆ ਉਨ੍ਹਾਂ ਨੂੰ ਉਹ ਸੂਚੀ ਦੇਣ ਲਈ ਤਿਆਰ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਹਰਾਉਣ ਲਈ ਪੈਸੇ ਵੰਡੇ।
ਪੈਸਿਆਂ ਬਦਲੇ ਬੁਰਜ ਨੂੰ ਦਿੱਤੀ ਗਈ ਟਿਕਟ
ਡਾ. ਸਿੱਧੂ ਨੇ ਦੋਸ਼ ਲਾਇਆ ਕਿ ਤਰਨਤਾਰਨ ਜ਼ਿਮਨੀ ਚੋਣਾਂ ਦੌਰਾਨ ਟਿਕਟ ਵੇਚੀ ਗਈ। ਜੀਤ ਸਿੰਘ ਰਾਣਾ ਗੰਡੀਵਿੰਡ ਨੇ ਕਾਂਗਰਸ ਦੀ ਸੇਵਾ ਕੀਤੀ, ਪਰ ਟਿਕਟ ਦੇਣ ਸਮੇਂ ਉਸ ਤੋਂ 3 ਕਰੋੜ ਮੰਗੇ ਗਏ। ਬਾਅਦ ‘ਚ ਕਰਨਬੀਰ ਸਿੰਘ ਬੁਰਜ ਨੂੰ ਟਿਕਟ ਦੇ ਦਿੱਤੀ ਗਈ। ਬੁਰਜ ਵੀ ਸ਼ਰੇਆਮ ਬੋਲ ਰਹੇ ਹਨ ਕਿ 5 ਕਰੋੜ ਉਨ੍ਹਾਂ ਰਾਜਾ ਵੜਿੰਗ ਨੂੰ ਤੇ 5 ਕਰੋੜ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੇ ਗਏ।
ਮੇਰੇ ਖਿਲਾਫ਼ ਕੀ, ਮੈਂ ਸਬੂਤ ਦੇਵਾਂਗੀ
ਡਾ. ਸਿੱਧੂ ਨੇ ਇਹ ਵੀ ਕਿਹਾ ਕਿ ਕਾਂਗਰਸ ਇਕੱਠੀ ਹੋ ਜਾਵੇ ਤਾਂ ਅੱਜ ਵੀ ਜਿੱਤਦੀ ਹੈ। ਜੇਕਰ ਇਕ ‘ਤੇ ਸਹਿਮਤੀ ਹੋ ਜਾਵੇ। ਇਨ੍ਹਾਂ ਵਿੱਚੋਂ ਹੀ ਬਣੇ, ਪਰ ਮੰਨ ਤਾਂ ਜਾਣ। ਕੋਈ ਸ਼ਰੀਫ ਚੁੱਕ ਲੈਣ, ਜੋ ਇਨ੍ਹਾਂ ਨੂੰ ਚੰਗਾ ਲੱਗਦਾ ਹੈ, ਸਾਰਿਆਂ ਨੂੰ ਮਨਜ਼ੂਰ ਹੈ।
ਨਵਜੋਤ ਕੌਰ ਨੇ ਕਿਹਾ ਕਿ ਇਕ ਇਲਜ਼ਾਮ ਲਗਾ ਦੇਣ ਕਿ ਉਹ ਜਾਂ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਇਕ ਵਾਰ ਵੀ ਬਿਨਾਂ ਆਫ਼ੀਸ਼ੀਅਲ ਕੰਮ ਦੇ ਭਾਜਪਾ ਜਾਂ ਆਮ ਆਦਮੀ ਪਾਰਟੀ ਨੂੰ ਮਿਲੇ ਹਨ। ਨਵਜੋਤ ਸਿੰਘ ਸਿੱਧੂ ਪ੍ਰਿਅੰਕਾ ਗਾਂਧੀ ਤੋਂ ਇਲਾਵਾ ਕਿਸੇ ਦਾ ਫੋਨ ਨਹੀਂ ਚੁੱਕਦੇ। ਉਨ੍ਹਾਂ ਖਿਲਾਫ਼ ਕਾਰਵਾਈ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਉਹ ਸਬੂਤ ਲੈ ਕੇ ਜਾਣਗੇ ਤੇ ਕਾਰਵਾਈ ਦੀ ਮੰਗ ਕਰਨਗੇ।
