ਨਵੀਂ ਦਿੱਲੀ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕ੍ਰਿਕਟਰ ਸਮ੍ਰਿਤੀ ਮੰਧਾਨਾ ਦੇ ਇੰਸਟਾਗ੍ਰਾਮ ਤੋਂ ਵਿਆਹ ਤੋਂ ਪਹਿਲਾਂ ਦੀਆਂ ਪੋਸਟਾਂ ਗਾਇਬ ਹੋਣ ਕਾਰਨ ਪ੍ਰਸ਼ੰਸਕਾਂ ਵਿੱਚ ਹਲਚਲ ਮਚ ਗਈ, ਜਿਸ ਨਾਲ ਕ੍ਰਿਕਟਰ ਤੇ ਉਨ੍ਹਾਂ ਦੇ ਮੰਗੇਤਰ, ਸੰਗੀਤਕਾਰ ਪਲਾਸ਼ ਮੁੱਛਲ ਦੇ ਵਿਚਕਾਰ ਅਣਬਣ ਦੀਆਂ ਅਫਵਾਹਾਂ ਫੈਲਣ ਲੱਗੀਆਂ। ਕੁਝ ਹੀ ਘੰਟਿਆਂ ਵਿੱਚ ਸੋਸ਼ਲ ਮੀਡੀਆ ‘ਤੇ ਸਕਰੀਨਸ਼ਾਟ ਤੇ ਅਟਕਲਾਂ ਦੀ ਭਰਮਾਰ ਹੋ ਗਈ। ਕਈ ਲੋਕਾਂ ਨੇ ਸੋਚਿਆ ਕਿ ਜੋੜੇ ਨੇ ਚੁੱਪ-ਚਾਪ ਇੱਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ।
ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਮੁੱਛਲ ਦਾ ਵਿਆਹ 23 ਨਵੰਬਰ ਨੂੰ ਹੋਣਾ ਸੀ। ਹਲਦੀ, ਮਹਿੰਦੀ ਤੋਂ ਲੈ ਕੇ ਸੰਗੀਤ ਦੀਆਂ ਸਾਰੀਆਂ ਰਸਮਾਂ ਨਿਭਾ ਲਈਆਂ ਗਈਆਂ ਸਨ। ਅਜਿਹੇ ਵਿੱਚ ਵਿਆਹ ਵਾਲੇ ਦਿਨ ਮੰਧਾਨਾ ਦੇ ਪਿਤਾ ਦੀ ਤਬੀਅਤ ਖਰਾਬ ਹੋ ਗਈ। ਉਨ੍ਹਾਂ ਨੂੰ ਮਾਈਨਰ ਹਾਰਟ ਅਟੈਕ ਆਇਆ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਖ਼ਬਰ ਆਈ ਕਿ ਮੰਧਾਨਾ ਨੇ ਵਿਆਹ ਮੁਲਤਵੀ (Postpone) ਕਰ ਦਿੱਤਾ ਹੈ। ਇਸ ਤੋਂ ਬਾਅਦ ਪਲਾਸ਼ ਮੁੱਛਲ ਦੀ ਵੀ ਤਬੀਅਤ ਖਰਾਬ ਹੋ ਗਈ। ਫਿਰ ਸੋਸ਼ਲ ਮੀਡੀਆ ‘ਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ।
ਪ੍ਰੀ-ਵੈਡਿੰਗ ਪੋਸਟਾਂ ਡਿਲੀਟ
ਸਮ੍ਰਿਤੀ ਮੰਧਾਨਾ ਨੇ ਸੰਗੀਤਕਾਰ ਪਲਾਸ਼ ਮੁੱਛਲ ਨਾਲ ਆਪਣੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਨਾਲ ਜੁੜੀਆਂ ਆਪਣੀਆਂ ਸਾਰੀਆਂ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ਹਟਾ ਦਿੱਤੀਆਂ ਹਨ। ਜਿਵੇਂ ਹੀ ਜਸ਼ਨ ਰੁਕਿਆ, ਆਨਲਾਈਨ ਅਟਕਲਾਂ ਉਦੋਂ ਹੋਰ ਵੱਧ ਗਈਆਂ ਜਦੋਂ ਮੰਧਾਨਾ ਦੀ ਪ੍ਰੋਫਾਈਲ ਤੋਂ ਮੰਗਣੀ (Engagement) ਅਤੇ ਪ੍ਰੀ-ਵੈਡਿੰਗ ਸਮਾਗਮਾਂ ਨਾਲ ਜੁੜੀਆਂ ਕਈ ਪੋਸਟਾਂ ਗਾਇਬ ਹੋ ਗਈਆਂ। ਗਾਇਬ ਹੋਈਆਂ ਪੋਸਟਾਂ ਵਿੱਚ ਉਨ੍ਹਾਂ ਦੀ ਮੰਗਣੀ ਦਾ ਐਲਾਨ ਵੀ ਸੀ, ਜਿਸ ਵਿੱਚ ਉਨ੍ਹਾਂ ਨੂੰ ਇੰਡੀਆ ਟੀਮ ਦੇ ਸਾਥੀਆਂ ਨਾਲ ਗਾਣੇ ‘ਤੇ ਡਾਂਸ ਕਰਦੇ ਹੋਏ ਦਿਖਾਇਆ ਗਿਆ ਸੀ।

ਇਹ ਕਲਿੱਪ ਹੁਣ ਉਨ੍ਹਾਂ ਦੇ ਅਤੇ ਸਾਥੀ ਖਿਡਾਰੀਆਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿਖਾਈ ਨਹੀਂ ਦੇ ਰਹੀ ਹੈ। ਇਨ੍ਹਾਂ ਪੋਸਟਾਂ ਦੇ ਅਚਾਨਕ ਹਟਣ ਨਾਲ ਜੋੜੇ ਦੇ ਰਿਸ਼ਤੇ ਨੂੰ ਲੈ ਕੇ ਅਫਵਾਹਾਂ ਫੈਲਣ ਲੱਗੀਆਂ, ਜਿਸ ਤੋਂ ਬਾਅਦ ਪਲਾਸ਼ ਮੁੱਛਲ ਦੀ ਭੈਣ, ਪਲੇਬੈਕ ਗਾਇਕਾ ਪਲਕ ਮੁੱਛਲ ਨੇ ਇਸ ਸਥਿਤੀ ‘ਤੇ ਗੱਲ ਕੀਤੀ। ਉਨ੍ਹਾਂ ਨੇ ਇੱਕ ਛੋਟੇ ਨੋਟ ਰਾਹੀਂ ਸਪੱਸ਼ਟ ਕੀਤਾ ਕਿ ਵਿਆਹ ਸਿਰਫ਼ ਸਮ੍ਰਿਤੀ ਦੇ ਪਿਤਾ ਦੀ ਸਿਹਤ ਸਥਿਤੀ ਕਾਰਨ ਰੋਕਿਆ ਗਿਆ ਹੈ।
ਇੰਸਟਾਗ੍ਰਾਮ ‘ਤੇ ਕਰਦੇ ਹਨ ਫਾਲੋ
ਦੱਸ ਦੇਈਏ ਕਿ ਆਨਲਾਈਨ ਚਰਚਾ ਦੇ ਬਾਵਜੂਦ, ਦੋਵੇਂ ਅਜੇ ਵੀ ਇੰਸਟਾਗ੍ਰਾਮ ‘ਤੇ ਇੱਕ-ਦੂਜੇ ਨੂੰ ਫਾਲੋ ਕਰਦੇ ਹਨ, ਜਿਸ ਨਾਲ ਬ੍ਰੇਕਅੱਪ ਦੀਆਂ ਅਫਵਾਹਾਂ ‘ਤੇ ਵਿਰਾਮ ਲੱਗ ਗਿਆ ਹੈ। ਅਜੇ ਤੱਕ ਨਾ ਤਾਂ ਸਮ੍ਰਿਤੀ ਮੰਧਾਨਾ ਅਤੇ ਨਾ ਹੀ ਪਲਾਸ਼ ਮੁੱਛਲ ਨੇ ਆਪਣੇ ਆਉਣ ਵਾਲੇ ਵਿਆਹ ਦੇ ਫੈਸਲੇ ਜਾਂ ਸਥਿਤੀ ਬਾਰੇ ਕੋਈ ਨਿੱਜੀ ਬਿਆਨ ਜਾਰੀ ਕੀਤਾ ਹੈ।
