ਚੰਡੀਗੜ੍ਹ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀ ਅਮੀਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 152 ਤਹਿਤ ਇਹ ਅਪਰਾਧ ਬਣਦਾ ਹੈ ਜਾਂ ਨਹੀਂ, ਇਹ ਸਵਾਲ ਸੁਣਵਾਈ ਦੌਰਾਨ ਸਬੂਤਾਂ ਦੇ ਅਧਾਰ ‘ਤੇ ਤੈਅ ਕੀਤਾ ਜਾਵੇਗਾ।

ਜਸਟਿਸ ਰਾਜੇਸ਼ ਭਾਰਦਵਾਜ ਨੇ ਕਿਹਾ ਕਿ ਦੋਸ਼ਾਂ ਦੀ ਸੱਚਾਈ ਦਾ ਅੰਦਾਜ਼ਾ ਤਾਂ ਹੀ ਲਾਇਆ ਜਾ ਸਕਦਾ ਹੈ ਜਦੋਂ ਦੋਵਾਂ ਧਿਰਾਂ ਦੇ ਸਬੂਤ ਅਦਾਲਤ ਵਿਚ ਪੇਸ਼ ਹੋ ਜਾਣਗੇ। ਅਮੀਨ ਨੇ ਥਾਣਾ ਪਿੰਜੋਰ ਜ਼ਿਲ੍ਹਾ ਪੰਚਕੁਲਾ ਵਿਚ ਦਰਜ ਐੱਫਆਈਆਰ 184/2025 ਦੇ ਮਾਮਲੇ ਵਿਚ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਸੀ। ਉਸ ਵਿਚ ਉਸ ‘ਤੇ ਧਾਰਾ 152 (ਭਾਰਤ ਦੀ ਖ਼ੁਦਮੁਖ਼ਤਿਆਰੀ, ਏਕਤਾ ਅਤੇ ਅਖੰਡਤਾ ਨੂੰ ਖ਼ਤਰੇ ਵਿਚ ਪਾਉਣ ਵਾਲੇ ਕੰਮ) ਅਤੇ ਕੌਮੀ ਏਕਤਾ ਵਿਰੁੱਧ ਬਿਆਨ ਤਹਿਤ ਮਾਮਲਾ ਦਰਜ ਸੀ। ਅਮੀਨ 10 ਮਈ 2025 ਤੋਂ ਜੇਲ੍ਹ ਵਿਚ ਸੀ।

ਸ਼ਿਕਾਇਤਕਾਰ ਨਿਤਿਸ਼ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਭਾਰਤ-ਪਾਕਿਸਤਾਨ ਜੰਗ ਵਰਗੇ ਹਾਲਾਤ ਦੌਰਾਨ ਅਮੀਨ ਨੇ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਾਇਆ। ਪੁਲਿਸ ਨੇ ਇਸ ਦੀ ਜਾਂਚ ਕਰ ਕੇ ਚਾਲਾਨ ਦਰਜ ਕਰ ਦਿੱਤਾ ਸੀ। ਇਸ ਤੋਂ ਪਹਿਲਾਂ 13 ਅਗਸਤ 2025 ਨੂੰ ਸੈਸ਼ਨ ਅਦਾਲਤ ਨੇ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਪਟੀਸ਼ਨਰ ਨੇ ਦਲੀਲ ਦਿੱਤੀ ਸੀ ਕਿ ਮਾਮਲਾ ਸਿਆਸੀ ਰੰਜਿਸ਼ ਤੋਂ ਪ੍ਰੇਰਿਤ ਹੈ, ਕਿਉਂਕਿ ਸ਼ਿਕਾਇਤ ਕਰਤਾ ‘ਭਾਰਤੀ ਕਿਸਾਨ ਸੰਘ’ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਐੱਫਆਈਆਰ ਪੜ੍ਹਨ ਨਾਲ ਹੀ ਧਾਰਾ 152 ਲਾਗੂ ਨਹੀਂ ਹੁੰਦੀ ਤੇ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਇਸ ਤਰ੍ਹਾਂ ਦੇ ਭਾਸ਼ਣ ‘ਤੇ ਮੁਕੱਦਮੇ ਦੀ ਜਾਇਜ਼ਗੀ ਸਵਾਲਾਂ ਵਿਚ ਹੈ। ਨਾਲ ਹੀ ਦੱਸਿਆ ਕਿ ਅਮੀਨ ਖ਼ਿਲਾਫ ਕੋਈ ਆਪਰਾਧਕ ਰਿਕਾਰਡ ਨਹੀਂ ਹੈ ਤੇ ਜਾਂਚ ਮੁਕੰਮਲ ਹੋ ਚੁੱਕੀ ਹੈ।

ਸਰਕਾਰ ਨੇ ਦਲੀਲ ਦਿੱਤੀ ਕਿ ਜਾਂਚ ਵਿਚ ਇਲਜ਼ਾਮਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਕਥਿਤ ਨਾਅਰੇ ਜੰਗ ਵਰਗੇ ਹਾਲਾਤ ਵਿਚ ਲਗਾਏ ਗਏ ਸਨ, ਇਸ ਲਈ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਦੂਜੇ ਪਾਸੇ, ਅਦਾਲਤ ਨੇ ਦੇਖਿਆ ਕਿ ਅਮੀਨ ਛੇ ਮਹੀਨੇ 11 ਦਿਨ ਤੋਂ ਜੇਲ੍ਹ ਵਿਚ ਹੈ ਅਤੇ ਕਿਸੇ ਹੋਰ ਮਾਮਲੇ ਵਿਚ ਸ਼ਾਮਿਲ ਨਹੀਂ ਹੈ।

ਸੰਖੇਪ :
‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਦੇ ਦੋਸ਼ ਵਿਚ ਗ੍ਰਿਫ਼ਤਾਰ ਅਮੀਨ ਨੂੰ ਹਾਈ ਕੋਰਟ ਨੇ ਜ਼ਮਾਨਤ ਦਿੰਦਿਆਂ ਕਿਹਾ ਕਿ ਧਾਰਾ 152 ਦੇ ਤਹਿਤ ਅਪਰਾਧ ਬਣਦਾ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਟਰਾਇਲ ਦੌਰਾਨ ਪੇਸ਼ ਹੋਣ ਵਾਲੇ ਸਬੂਤਾਂ ਦੇ ਅਧਾਰ ’ਤੇ ਹੋਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।