ਨਵੀਂ ਦਿੱਲੀ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦੱਖਣੀ ਅਫਰੀਕਾ ਹੱਥੋਂ 0-2 ਦੀ ਕਰਾਰੀ ਹਾਰ ਤੋਂ ਬਾਅਦ ਗੁਹਾਟੀ ਵਿੱਚ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਦੇ ਹੋਏ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਸ਼ਾਂਤ ਨਜ਼ਰ ਆਏ। 26 ਨਵੰਬਰ ਨੂੰ ਖੇਡੇ ਗਏ ਦੂਜੇ ਅਤੇ ਆਖਰੀ ਟੈਸਟ ਵਿੱਚ ਭਾਰਤ ਨੂੰ 408 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਦੋ ਮੈਚਾਂ ਦੀ ਸੀਰੀਜ਼ ਵਿੱਚ ਕਲੀਨ ਸਵੀਪ (ਵਾਈਟਵਾਸ਼) ਵੀ ਝੱਲਣੀ ਪਈ।
ਭਾਰਤ ਦੀ ਹਾਰ ਤੋਂ ਬਾਅਦ ਕੋਚ ਗੰਭੀਰ ‘ਤੇ ਲਗਾਤਾਰ ਦਬਾਅ ਵੱਧ ਰਿਹਾ ਹੈ ਕਿਉਂਕਿ ਉਹ ਪਹਿਲੇ ਭਾਰਤੀ ਕੋਚ ਬਣ ਗਏ ਹਨ ਜਿਨ੍ਹਾਂ ਨੂੰ ਘਰੇਲੂ ਟੈਸਟ ਵਿੱਚ ਲਗਾਤਾਰ ਦੋ ਕਲੀਨ ਸਵੀਪ ਝੱਲਣੀਆਂ ਪਈਆਂ ਹਨ। ਕੋਚ ਵਜੋਂ ਆਪਣੇ ਪਹਿਲੇ ਸਾਲ ਵਿੱਚ ਹੀ ਭਾਰਤ ਨੂੰ ਨਿਊਜ਼ੀਲੈਂਡ ਤੋਂ 0-3 ਅਤੇ ਹੁਣ ਦੱਖਣੀ ਅਫਰੀਕਾ ਤੋਂ 0-2 ਦੀ ਹਾਰ ਮਿਲੀ ਹੈ।
ਭਵਿੱਖ ਬਾਰੇ ਸਵਾਲ ‘ਤੇ ਗੰਭੀਰ ਦਾ ਜਵਾਬ
ਦਰਅਸਲ, ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦੇ ਕਾਰਜਕਾਲ ਵਿੱਚ ਭਾਰਤ ਨੇ ਪਿਛਲੇ 7 ਵਿੱਚੋਂ 5 ਘਰੇਲੂ ਟੈਸਟ ਗੁਆਏ ਹਨ ਅਤੇ ਹੁਣ ਤੱਕ ਖੇਡੇ ਗਏ 19 ਮੈਚਾਂ ਵਿੱਚੋਂ 10 ਵਿੱਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਗੁਹਾਟੀ ਟੈਸਟ ਮੈਚ ਵਿੱਚ 408 ਦੌੜਾਂ ਦੇ ਫਰਕ ਨਾਲ ਹਾਰ ਝੱਲਣ ਤੋਂ ਬਾਅਦ ਜਦੋਂ ਗੌਤਮ ਗੰਭੀਰ ਪ੍ਰੈੱਸ ਕਾਨਫਰੰਸ ਵਿੱਚ ਆਏ ਤਾਂ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਉਹ ਅਜੇ ਵੀ ਟੀਮ ਲਈ ਵਧੀਆ ਵਿਕਲਪ ਹਨ।
ਇਸ ‘ਤੇ ਗੰਭੀਰ ਨੇ ਜਵਾਬ ਦਿੱਤਾ: “ਇਹ ਫੈਸਲਾ ਬੀ.ਸੀ.ਸੀ.ਆਈ. ਦਾ ਹੋਵੇਗਾ। ਜਦੋਂ ਮੈਂ ਅਹੁਦਾ ਸੰਭਾਲਿਆ ਸੀ, ਉਦੋਂ ਵੀ ਕਿਹਾ ਸੀ, ਭਾਰਤੀ ਕ੍ਰਿਕਟ ਮਹੱਤਵਪੂਰਨ ਹੈ, ਮੈਂ ਨਹੀਂ। ਅੱਜ ਵੀ ਉਸੇ ਗੱਲ ‘ਤੇ ਕਾਇਮ ਹਾਂ।”
ਗੰਭੀਰ ਨੇ ਆਲੋਚਨਾਵਾਂ ‘ਤੇ ਨਾਰਾਜ਼ਗੀ ਵੀ ਜਤਾਈ ਅਤੇ ਮੀਡੀਆ ‘ਤੇ ਵਿਅੰਗ ਕਰਦਿਆਂ ਕਿਹਾ ਕਿ ਉਹ ਸਿਰਫ ਹਾਰ ‘ਤੇ ਧਿਆਨ ਦਿੰਦੇ ਹਨ, ਪ੍ਰਾਪਤੀਆਂ ਨੂੰ ਅਣਗੌਲਿਆ ਕਰ ਦਿੰਦੇ ਹਨ।
ਉਨ੍ਹਾਂ ਕਿਹਾ, “ਲੋਕ ਭੁੱਲ ਜਾਂਦੇ ਹਨ ਕਿ ਮੈਂ ਹੀ ਇੰਗਲੈਂਡ ਵਿੱਚ ਨੌਜਵਾਨ ਟੀਮ ਦੇ ਨਾਲ ਨਤੀਜੇ ਦਿਵਾਏ ਸਨ। ਤੁਸੀਂ ਸਭ ਜਲਦੀ ਭੁੱਲ ਜਾਂਦੇ ਹੋ। ਨਿਊਜ਼ੀਲੈਂਡ ਦਾ ਜ਼ਿਕਰ ਕਰ ਲੈਂਦੇ ਹੋ, ਪਰ ਇਹ ਵੀ ਨਾ ਭੁੱਲੋ ਕਿ ਮੇਰੀ ਹੀ ਕੋਚਿੰਗ ਵਿੱਚ ਭਾਰਤ ਨੇ ਚੈਂਪੀਅਨਜ਼ ਟਰਾਫੀ ਅਤੇ ਏਸ਼ੀਆ ਕੱਪ ਜਿੱਤਿਆ ਸੀ। ਇਹ ਟੀਮ ਨਵੀਂ ਹੈ, ਤਜਰਬਾ ਘੱਟ ਹੈ ਅਤੇ ਮੈਂ ਪਹਿਲਾਂ ਵੀ ਕਿਹਾ ਕਿ ਇਨ੍ਹਾਂ ਨੂੰ ਸਿੱਖਣ ਵਿੱਚ ਸਮਾਂ ਲੱਗੇਗਾ ਪਰ ਇਹ ਪੂਰਾ ਯਤਨ ਕਰ ਰਹੇ ਹਨ।”
ਗੌਤਮ ਗੰਭੀਰ ਦੇ ਕਾਰਜਕਾਲ ਦਾ ‘ਡਰਾਉਣਾ’ ਰਿਕਾਰਡ
ਪਿਛਲੇ ਸਾਲ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਬਿਨਾਂ ਇੱਕ ਵੀ ਮੈਚ ਜਿੱਤੇ ਟੈਸਟ ਸੀਰੀਜ਼ ਹਾਰਿਆ, ਜਦੋਂ ਨਿਊਜ਼ੀਲੈਂਡ ਨੇ 3-0 ਨਾਲ ਕਲੀਨ ਸਵੀਪ ਕੀਤਾ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਬਾਰਡਰ-ਗਾਵਸਕਰ ਟਰਾਫੀ 1-3 ਨਾਲ ਗੁਆਉਣ ਤੋਂ ਬਾਅਦ ਗੰਭੀਰ ਨੂੰ ਕੋਚ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਉੱਠੀ ਸੀ। ਹਾਲਾਂਕਿ ਇਸ ਤੋਂ ਬਾਅਦ ਟੀਮ ਵਿੱਚ ਵੱਡਾ ਬਦਲਾਅ ਹੋਇਆ ਸੀ। ਆਰ. ਅਸ਼ਵਿਨ ਨੇ ਸੀਰੀਜ਼ ਵਿਚਕਾਰ ਸੰਨਿਆਸ ਲਿਆ ਅਤੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
