ਨਵੀਂ ਦਿੱਲੀ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕੌਮੀ ਜਾਂਚ ਏਜੰਸੀ (NIA) ਨੇ ਦਿੱਲੀ ਵਿੱਚ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਬਾਹਰ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਵਿੱਚ ਫਰੀਦਾਬਾਦ ਦੇ ਧੌਜ ਨਿਵਾਸੀ ਸ਼ੋਏਬ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੋਏਬ ਇਸ ਕੇਸ ਦਾ ਸੱਤਵਾਂ ਮੁਲਜ਼ਮ ਹੈ।
ਐੱਨ.ਆਈ.ਏ. ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਸ ਨੇ ਅੱਤਵਾਦੀ ਉਮਰ-ਉਨ-ਨਬੀ ਨੂੰ ਧਮਾਕੇ ਤੋਂ ਐਨ ਪਹਿਲਾਂ ਪਨਾਹ ਦਿੱਤੀ ਸੀ ਅਤੇ ਉਸ ਨੂੰ ਲੋੜੀਂਦੀ ਸਹਾਇਤਾ ਵੀ ਮੁਹੱਈਆ ਕਰਵਾਈ ਸੀ।
ਇਸ ਵਿਸਫੋਟ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ ਐੱਨ.ਆਈ.ਏ. ਨੇ ਕਾਰ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਉਮਰ ਦੇ ਛੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ੋਏਬ ਦੀ ਗ੍ਰਿਫ਼ਤਾਰੀ ਨਾਲ ਜਾਂਚ ਵਿੱਚ ਅਹਿਮ ਪ੍ਰਗਤੀ ਹੋਈ ਹੈ।
ਉਮਰ ਨੂੰ ਕਮਰਾ ਦਿਵਾ ਕੇ ਸ਼ੋਏਬ ਨੇ ਲਈ ਸੀ ਪੂਰੀ ਗਾਰੰਟੀ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ੋਏਬ ਨੇ ਅੱਤਵਾਦੀ ਉਮਰ ਦੇ ਸਮਾਨ ਨੂੰ ਇੱਧਰੋਂ-ਉੱਧਰ ਪਹੁੰਚਾਉਣ ਵਿੱਚ ਮਦਦ ਕੀਤੀ ਸੀ। ਉਸੇ ਨੇ ਹੀ ਨੂਹ (Nuh) ਵਿੱਚ ਉਮਰ ਨੂੰ ਆਪਣੀ ਸਾਲੀ ਅਫਸਾਨਾ ਦੇ ਘਰ ਵਿੱਚ ਕਿਰਾਏ ‘ਤੇ ਕਮਰਾ ਦਿਵਾਇਆ ਸੀ ਅਤੇ ਪੂਰੀ ਗਾਰੰਟੀ ਲਈ ਸੀ। 10 ਨਵੰਬਰ ਨੂੰ ਦਿੱਲੀ ਵਿੱਚ ਧਮਾਕੇ ਤੋਂ ਪਹਿਲਾਂ, ਉਮਰ 10 ਦਿਨ ਨੂਹ ਦੇ ਇਸੇ ਘਰ ਵਿੱਚ ਰਿਹਾ ਸੀ। ਧਮਾਕੇ ਵਾਲੇ ਦਿਨ ਉਹ ਨੂਹ ਤੋਂ ਹੀ ਦਿੱਲੀ ਲਈ ਗਿਆ ਸੀ। ਹੁਣ ਐੱਨ.ਆਈ.ਏ. ਉਸ ਨੂੰ ਯੂਨੀਵਰਸਿਟੀ ਅਤੇ ਨੂਹ ਵੀ ਲੈ ਕੇ ਜਾਵੇਗੀ।
