ਨਵੀਂ ਦਿੱਲੀ, 08 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਮੰਗਲਵਾਰ (7 ਅਕਤੂਬਰ) ਨੂੰ ਅਮਰੀਕੀ ਸਰਕਾਰ ਨੇ ਪਾਕਿਸਤਾਨ ਨੂੰ 2.5 ਅਰਬ ਡਾਲਰ ਮੁੱਲ ਦੇ ਏਅਰ-ਟੂ-ਏਅਰ ਮਿਸਾਈਲ ਸਿਸਟਮ (AIM-120 AMRAAM) ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਭਾਰੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਇਹ ਮਿਸਾਈਲ ਸਿਸਟਮ ਖਰੀਦਣ ਦਾ ਫੈਸਲਾ ਆਪਣੀ ਆਰਥਿਕਤਾ ਨੂੰ ਬਚਾਉਣ ਲਈ ਅੰਤਰਰਾਸ਼ਟਰੀ ਮੂਲ ਧਨ ਫੰਡ (IMF) ਤੋਂ ਮਈ 2025 ਵਿਚ ਮਿਲੀ 1 ਅਰਬ ਡਾਲਰ ਦੀ ਮਦਦ ਦੇ ਕੁਝ ਮਹੀਨੇ ਬਾਅਦ ਕੀਤਾ ਹੈ।
IMF ਦੀ ਫੰਡਿੰਗ ਨਾਲ ਹਥਿਆਰ ਖਰੀਦਦਾ ਹੈ ਪਾਕਿਸਤਾਨ
ਇਸ ਨਾਲ ਭਾਰਤ ਵੱਲੋਂ ਪਹਿਲਾਂ ਹੀ ਜਤਾਈ ਗਈ ਚਿੰਤਾ ਨੂੰ ਮਜ਼ਬੂਤੀ ਮਿਲੀ ਹੈ ਕਿ ਜਦੋਂ ਵੀ ਪਾਕਿਸਤਾਨ ਨੂੰ IMF ਤੋਂ ਬੇਲ-ਆਉਟ ਪੈਕੇਜ ਮਿਲਦਾ ਹੈ, ਉਹ ਇਸ ਦਾ ਇਸਤੇਮਾਲ ਹਥਿਆਰ ਖਰੀਦਣ ਵਿਚ ਕਰਦਾ ਹੈ। ਹਾਲਾਂਕਿ ਜੇਕਰ IMF ਦੀਆਂ ਸ਼ਰਤਾਂ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਸਿੱਧੇ ਤੌਰ ‘ਤੇ ਇਸ ਦੀ ਮਦਦ ਨਾਲ ਰੱਖਿਆ ਉਪਕਰਨ ਨਹੀਂ ਖਰੀਦ ਸਕਦਾ ਪਰ ਪੁਰਾਣੇ ਰਿਕਾਰਡ ਕੁਝ ਹੋਰ ਹੀ ਦਰਸਾਉਂਦੇ ਹਨ।
IMF ਤੋਂ ਮਿਲੇ ਬੇਲ ਆਉਟ ਪੈਕੇਜ ਦੇ ਤਹਿਤ ਨਿਰਧਾਰਿਤ ਰਕਮ ਪਾਕਿਸਤਾਨ ਦੇ ਸੈਂਟਰਲ ਬੈਂਕ ਨੂੰ ਹਸਤਾਂਤਰਿਤ ਕੀਤੀ ਜਾਂਦੀ ਹੈ। IMF ਸਾਫ਼ ਸਪਸ਼ਟ ਕਰਦਾ ਹੈ ਕਿ ਇਸ ਨੂੰ ਉਸ ਵੱਲੋਂ ਦਿੱਤੇ ਗਏ ਕਰਜ਼ੇ ਦੇ ਉਦੇਸ਼ਾਂ ਤੋਂ ਇਲਾਵਾ ਕਿਸੇ ਹੋਰ ਥਾਂ ਨਹੀਂ ਵਰਤਿਆ ਜਾ ਸਕਦਾ।
ਨਵੀਆਂ ਸ਼ਰਤਾਂ ਨਾਲ ਪਾਕਿਸਤਾਨ ਨੂੰ IMF ਤੋਂ ਮਿਲੀ ਰਕਮ
ਮਈ ਵਿਚ IMF ਵੱਲੋਂ ਦਿੱਤੀ ਗਈ ਕਿਸਤ ਲਈ 11 ਨਵੀਆਂ ਸ਼ਰਤਾਂ ਲਗਾਈਆਂ ਗਈਆਂ ਹਨ। ਹਾਲਾਂਕਿ ਇਸ ਫੰਡ ਦੇ ਅਪਰਤੱਖ ਉਪਯੋਗ ਦੀ ਚਿੰਤਾ ਹਮੇਸ਼ਾਂ ਰਹਿੰਦੀ ਹੈ ਅਤੇ ਭਾਰਤ ਵੱਲੋਂ ਇਸ ਬਾਰੇ ਪਹਿਲਾਂ ਹੀ ਚਿੰਤਾ ਜਤਾਈ ਗਈ ਹੈ। ਪੁਰਾਣੇ ਰਿਕਾਰਡ ਦਰਸਾਉਂਦੇ ਹਨ ਕਿ ਜਦੋਂ ਵੀ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਏਜੰਸੀਆਂ ਤੋਂ ਬੇਲਆਉਟ ਪੈਕੇਜ ਮਿਲਦਾ ਹੈ ਤਾਂ ਉਸ ਦਾ ਰੱਖਿਆ ਬਜਟ ਵਧ ਜਾਂਦਾ ਹੈ।
24 ਵਾਰੀ ਪਾਕਿਸਤਾਨ ਨੇ IMF ਤੋਂ ਮਦਦ ਮੰਗੀ
ਪਾਕਿਸਤਾਨ ਦਾ ਰੱਖਿਆ ਬਜਟ ਆਮ ਤੌਰ ‘ਤੇ ਕੁੱਲ ਬਜਟ ਦਾ 18 ਫੀਸਦ ਹੈ, ਜੋ ਸੰਘਰਸ਼ ਪ੍ਰਭਾਵਿਤ ਦੇਸ਼ਾਂ ਦੇ ਔਸਤ 10-14 ਫੀਸਦ ਤੋਂ ਵੱਧ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ (SIPRI) ਦੇ ਡਾਟਾ ਅਨੁਸਾਰ ਸਾਲ 1980-2023 ਦੇ ਦਰਮਿਆਨ ਜਦੋਂ ਵੀ ਪਾਕਿਸਤਾਨ ਨੂੰ IMF ਤੋਂ ਆਰਥਿਕ ਮਦਦ ਮਿਲੀ ਤਾਂ ਉਸਦਾ ਹਥਿਆਰ ਆਯਾਤ 20 ਫੀਸਦ ਤੱਕ ਵਧ ਗਿਆ। ਸਾਲ 1958 ਤੋਂ ਹੁਣ ਤੱਕ ਪਾਕਿਸਤਾਨ ਕੁੱਲ 24 ਵਾਰੀ ਆਰਥਿਕ ਮਦਦ ਲਈ IMF ਦੇ ਕੋਲ ਪਹੁੰਚ ਚੁੱਕਾ ਹੈ।
ਪਾਕਿਸਤਾਨ ਅਤੇ ਅਮਰੀਕਾ ਦੇ ਸੁਧਰ ਰਹੇ ਸੰਬੰਧ
ਕੂਟਨੀਤੀ ਵਿਦਵਾਨ AIM-120 AMRAAM ਦੀ ਖਰੀਦ ਨੂੰ ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਸੁਧਰ ਰਹੇ ਸੰਬੰਧਾਂ ਨਾਲ ਜੋੜ ਕੇ ਦੇਖ ਰਹੇ ਹਨ। ਦੇਸ਼ ਦੇ ਸਾਬਕਾ ਵਿਦੇਸ਼ ਸਕੱਤਰ ਕਵਲ ਸਿਬਲ ਦਾ ਕਹਿਣਾ ਹੈ ਕਿ, “ਅਮਰੀਕਾ ਫਿਰ ਤੋਂ ਭਾਰਤ ਖ਼ਿਲਾਫ਼ ਪਾਕਿਸਤਾਨ ਨੂੰ ਹਥਿਆਰ ਦੇ ਰਿਹਾ ਹੈ।
ਪਾਕਿਸਤਾਨ ਦਾ IMF ਬੇਲਆਉਟ ਪ੍ਰੋਗਰਾਮ ਵਧਦੇ ਰੱਖਿਆ ਖਰਚ ਨਾਲ ਜੁੜਿਆ ਨਹੀਂ ਹੋਣਾ ਚਾਹੀਦਾ। ਟਰੰਪ ਨੂੰ ਪਾਕਿਸਤਾਨ ਜਿਸ ਤਰ੍ਹਾਂ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਸ ਦੀ ਉਮੀਦ ਸੀ।” ਸਿਬਲ ਉਕਤ ਏਅਰ-ਟੂ-ਏਅਰ ਮਿਸਾਈਲ ਸਿਸਟਮ ਦਾ ਨਿਰਮਾਣ ਕਰਨ ਵਾਲੀ ਕੰਪਨੀ ਰੇਥਿਅਨ ਦੀ ਮੰਸ਼ਾ ‘ਤੇ ਸਵਾਲ ਉਠਾਉਂਦੇ ਹਨ ਕਿਉਂਕਿ ਇਹ ਕੰਪਨੀ ਭਾਰਤ ਨਾਲ ਵੀ ਰੱਖਿਆ ਸੌਦਿਆਂ ਲਈ ਗੱਲਬਾਤ ਕਰ ਰਹੀ ਹੈ।
ਸਿਬਲ ਕਹਿੰਦੇ ਹਨ, “ਰੇਥਿਅਨ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਓਪਰੇਸ਼ਨ ਸਿੰਦੂਰ ਦੇ ਬਾਅਦ ਪਾਕਿਸਤਾਨ ਨੂੰ ਇਹ ਉਨਨਤ ਮਿਸਾਈਲਾਂ ਦੇਣਾ ਭਾਰਤ ਨਾਲ ਉਸਦੇ ਪ੍ਰੋਜੈਕਟਾਂ ਦੀ ਮਦਦ ਕਰਦਾ ਹੈ ਜਾਂ ਨਹੀਂ।” ਹਾਲਾਂਕਿ AIM-120 AMRAAM ਮਿਸਾਈਲ ਸਿਸਟਮ ਨੂੰ ਅਜੇ ਵੀ ਕਾਫੀ ਉਨਨਤ ਮੰਨਿਆ ਜਾਂਦਾ ਹੈ। ਇਹ ਹਵਾ ਵਿਚ 20 ਤੋਂ 160 ਕਿਲੋਮੀਟਰ ਦੀ ਦੂਰੀ ‘ਤੇ ਉੱਡ ਰਹੀ ਕਿਸੇ ਵੀ ਵਸਤੂ ‘ਤੇ ਸਟੀਕ ਨਿਸ਼ਾਨਾ ਲਾ ਸਕਦਾ ਹੈ।
ਯੂਕਰੇਨ-ਰੂਸ ਯੁੱਧ ਦੇ ਬਾਅਦ ਕਈ ਯੂਰਪੀ ਦੇਸ਼ ਅਤੇ ਏਸ਼ਿਆਈ ਦੇਸ਼ ਇਸ ਲਈ ਆਰਡਰ ਦੇ ਰਹੇ ਹਨ। ਜੇ ਪਾਕਿਸਤਾਨ ਇਸਨੂੰ ਖਰੀਦਦਾ ਹੈ ਤਾਂ ਇਸਨੂੰ F-16 ਯੁੱਧਕ ਵਿਮਾਨਾਂ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਓਪਰੇਸ਼ਨ ਸਿੰਦੂਰ ਵਿਚ ਭਾਰਤੀ ਵਾਇਰਸੇਨਾ ਨੇ ਜਿਸ ਤਰ੍ਹਾਂ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਇਆ ਹੈ, ਉਸਨੂੰ ਦੇਖਦੇ ਹੋਏ ਉਹ ਇਸ ਤਰ੍ਹਾਂ ਦੀ ਰੱਖਿਆ ਪ੍ਰਣਾਲੀ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ।