ਮੁਹਾਲੀ, 08 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ 27 ਸਤੰਬਰ ਨੂੰ ਇੱਕ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਅੱਜ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਿਰਫ਼ 35 ਸਾਲ ਦੀ ਉਮਰ ਵਿੱਚ ਲੋਕਾਂ ਦੇ ਦਿਲਾਂ ‘ਤੇ ਰਾਜ਼ ਕਰਨ ਵਾਲਾ ਰਾਜਵੀਰ ਜਵੰਦਾ ਨੇ ਸੰਗੀਤ ਜਗਤ ਵਿਚ ਵੱਡਾ ਨਾਮਣਾ ਖੱਟਿਆ।

ਉਨ੍ਹਾਂ ਦਾ ਸਸਕਾਰ ਭਲਕੇ ਸਵੇਰੇ ਉਨ੍ਹਾਂ ਦੇ ਜੱਦੀ ਪਿੰਡ ਪੋਨਾ (ਜਗਰਾਉਂ) ਵਿਖੇ ਕੀਤਾ ਜਾਵੇਗਾ। ਅੱਜ ਉਨ੍ਹਾਂ ਦੀ ਦੇਹ ਨੂੰ ਪ੍ਰਸੰਸਕਾਂ ਦੇ ਦਰਸ਼ਨਾਂ ਲਈ ਮੁਹਾਲੀ ਸੈਕਟਰ 71 ਵਿਚਲੀ ਰਿਹਾਇਸ਼ ਵਿਖੇ ਰੱਖਿਆ ਜਾਵੇਗਾ।

ਅੱਜ ਦਿਨ ਦੇ ਲਗਭਗ 11 ਵਜੇ ਜਦੋਂ ਇਹ ਮਨਹੂਸ ਖਬਰ ਆਈ ਤਾਂ ਪੂਰੀ ਪੰਜਾਬੀ ਫਿਲਮ ਇੰਡਸਟਰੀ ਸੋਗ ਵਿੱਚ ਡੁੱਬ ਗਈ। ਜਿਥੇ ਉਨ੍ਹਾਂ ਦੇ ਸਾਥੀ ਗਾਇਕਾਂ ਨੇ ਉਨ੍ਹਾਂ ਦੀ ਮੌਤ ਨੂੰ ਸੰਗੀਤ ਜਗਤ ਲਈ ਵੱਡਾ ਘਾਟਾ ਦੱਸਿਆ ਉਥੇ ਉਨ੍ਹਾਂ ਦੇ ਪ੍ਰਸੰਸਕਾਂ ਲਈ ਇਹ ਸਦਮਾ ਅਸਹਿ ਕੇ ਅਕਹਿ ਸੀ।

ਇਹ ਜਾਣਿਆ ਜਾਂਦਾ ਹੈ ਕਿ ਰਾਜਵੀਰ ਜਵੰਦਾ ਦੇ ਹਾਦਸੇ ਤੋਂ ਬਾਅਦ, ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਹਾਂਗ ਕਾਂਗ ਸੰਗੀਤ ਸਮਾਰੋਹ ਵਿੱਚ ਵਿਘਨ ਪਾਇਆ ਅਤੇ ਰਾਜਵੀਰ ਦੀ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ।

ਉਨ੍ਹਾਂ ਦੀ ਮੌਤ “ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ।

ਰਾਜਵੀਰ ਦੇ ਜੀਵਨ ਬਾਰੇ

ਰਾਜਵੀਰ ਜਵੰਦਾ ਦਾ ਜਨਮ 1990 ਵਿੱਚ ਲੁਧਿਆਣਾ ਜ਼ਿਲ੍ਹਾ ਦੇ ਜਗਰਾਉਂ ਦੇ ਨਜ਼ਦੀਕ ਪਿੰਡ ਪੋਨਾ ਵਿੱਚ ਹੋਇਆ ਉਹਨਾਂ ਦੇ ਪਿਤਾ ਕਰਮ ਸਿੰਘ ਜਵੰਦਾ ਇੱਕ ਪੁਲਿਸ ਅਧਿਕਾਰੀ ਸਨ। ਉਹਨਾਂ ਦੀ ਮਾਤਾ ਦਾ ਨਾਮ ਪਰਮਜੀਤ ਕੌਰ ਹੈ ਉਹਨਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਬਿਮਲ ਜੈਨ ਸਕੂਲ ਜਗਰਾਉਂ ਵਿੱਚ ਕੀਤੀ ਅਤੇ ਗ੍ਰੈਜੂਏਸ਼ਨ ਡੀਏਵੀ ਕਾਲਜ ਜਗਰਾਉਂ ਤੋਂ ਕੀਤੀ ਅਤੇ ਪੋਸਟ ਗ੍ਰੈਜੂਏਸ਼ਨ ਐਮਏ (ਥੀਏਟਰ ਅਤੇ ਟੈਲੀਵਿਜ਼ਨ) ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ।

ਰਾਜਵੀਰ ਜਵੰਦਾ ਨੇ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਕੁਝ ਸਾਲ ਨੌਕਰੀ ਕੀਤੀ ਪ੍ਰੰਤੂ ਕੁਝ ਸਾਲਾਂ ਬਾਅਦ ਹੀ ਉਨਾਂ ਨੇ ਪੁਲਿਸ ਦੀ ਨੌਕਰੀ ਛੱਡ ਕੇ ਗਾਇਕੀ ਦਾ ਸਫਰ ਸ਼ੁਰੂ ਕਰ ਦਿੱਤਾ। ਉਹਨਾਂ ਨੇ ਪੰਜਾਬੀ ਦੇ ਬਹੁਤ ਹੀ ਸਾਫ ਸੁਥਰੇ ਅਤੇ ਹਿੱਟ ਗੀਤ ਦਿੱਤੇ ।

ਰਾਜਵੀਰ ਦੇ ਮਸ਼ਹੂਰ ਗੀਤ

ਇੱਕ ਗਾਇਕ ਦੇ ਤੌਰ ‘ਤੇ, ਰਾਜਵੀਰ ਜਵੰਦਾ ਨੇ ਆਪਣੇ ਗੀਤਾਂ “ਸਿੰਘਪੁਰਾ,” “ਮੁੰਡਾ ਪਿਆਰਾ,” ਅਤੇ “ਜੱਟ ਦੀ ਜ਼ਮੀਨ” ਨਾਲ ਲੱਖਾਂ ਸੰਗੀਤ ਪ੍ਰੇਮੀਆਂ ਦੇ ਦਿਲ ਜਿੱਤ ਲਏ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਕਈ ਮਸ਼ਹੂਰ ਗਾਇਕਾਂ, ਸੰਗੀਤਕਾਰਾਂ ਅਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪਰਿਵਾਰ ਨੇ ਅਜੇ ਤੱਕ ਅੰਤਿਮ ਸੰਸਕਾਰ ਸੰਬੰਧੀ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਹਾਲਾਂਕਿ, ਇਹ ਮੰਨਿਆ ਜਾ ਰਿਹਾ ਹੈ ਕਿ ਗਾਇਕ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ।

ਸੰਖੇਪ:
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅਚਾਨਕ ਦੇਹਾਂਤ ਨੇ ਸੰਗੀਤ ਜਗਤ ਨੂੰ ਝਟਕਾ ਦਿੱਤਾ, ਪੰਜਾਬ ਦੇ CM ਸਮੇਤ ਕਈ ਹਸਤੀਆਂ ਨੇ ਗਹਿਰੀ ਸ਼ੋਕ ਭਾਵਨਾ ਪ੍ਰਗਟ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।