- ਕਿਸਾਨਾਂ ‘ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ‘ਚ ਐਫਆਈਆਰ ਵੀ ਦਰਜ ਕੀਤੀ
ਚੰਡੀਗੜ੍ਹ 23 ਫਰਵਰੀ (ਪੰਜਾਬੀ ਖਬਰਨਾਮਾ)
ਹਰਿਆਣਾ ਸਰਕਾਰ ਨੇ ਸਿਰੇ ਦੀ ਹੱਦ ਕਰਦਿਆਂ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ.ਐਸ.ਏ.), 1980 ਦੀਆਂ ਧਾਰਾਵਾਂ ਤਹਿਤ ਪੰਜਾਬ ਨਾਲ ਲੱਗਦੀ ਸੂਬੇ ਦੀ ਸਰਹੱਦ ‘ਤੇ ਚੱਲ ਰਹੇ ਪ੍ਰਦਰਸ਼ਨਾਂ ਦੇ ਹਿੱਸੇ ਵਜੋਂ ਕਿਸਾਨ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇੱਕ ਅਧਿਕਾਰਤ ਬਿਆਨ ਵਿੱਚ ਅੰਬਾਲਾ ਪੁਲਿਸ ਨੇ ਕਿਹਾ ਕਿ “ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਅਤੇ ਸਮਾਜਿਕ ਸਦਭਾਵਨਾ ਵਿੱਚ ਗੜਬੜ ਨੂੰ ਰੋਕਣ ਲਈ” ਕਿਸਾਨ ਨੇਤਾਵਾਂ ਨੂੰ ਹਿਰਾਸਤ ਵਿੱਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਬਹੁਤ ਸਾਰੇ ਕਿਸਾਨ ਯੂਨੀਅਨ ਆਗੂ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰੋਜ਼ਾਨਾ ਪੁਲਿਸ ਪ੍ਰਸ਼ਾਸਨ ‘ਤੇ ਪਥਰਾਅ ਕਰਕੇ ਅਤੇ ਹੰਗਾਮਾ ਕਰਕੇ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਰਾਹੀਂ ਲਗਾਤਾਰ ਭੜਕਾਊ ਭਾਸ਼ਣ ਦਿੱਤੇ ਜਾ ਰਹੇ ਹਨ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਵਾਲੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਅੰਦੋਲਨਕਾਰੀਆਂ ਨੂੰ ਭਾਸ਼ਣਾਂ ਰਾਹੀਂ ਪ੍ਰਸ਼ਾਸਨ ਵਿਰੁੱਧ ਭੜਕਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਵਿਰੁੱਧ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਚੱਲ ਰਹੇ ਅੰਦੋਲਨ ਦੌਰਾਨ 30 ਦੇ ਕਰੀਬ ਪੁਲਿਸ ਵਾਲੇ ਜ਼ਖਮੀ ਹੋਏ ਹਨ ਅਤੇ ਇੱਕ ਦੀ ਮੌਤ ਦਿਮਾਗੀ ਦੀ ਹੈਮਰੇਜ ਕਾਰਨ ਹੋਈ ਹੈ, ਜਦਕਿ ਡਿਊਟੀ ਦੌਰਾਨ ਦੋ ਹੋਰ ਪੁਲਿਸ ਕਰਮਚਾਰੀਆਂ ਦੀ ਵੀ ਮੌਤ ਹੋ ਗਈ।
ਅੰਬਾਲਾ ਪੁਲਿਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅੰਦੋਲਨ ਦੀ ਆੜ ਵਿੱਚ, ਸਮਾਜ ਵਿਰੋਧੀ ਅਨਸਰ ਸ਼ਰਾਰਤ ਕਰ ਰਹੇ ਹਨ। ਇਸ ਸਮੇਂ ਦੌਰਾਨ, ਗੁੰਡਿਆਂ ਦੁਆਰਾ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਬਹੁਤ ਨੁਕਸਾਨ ਪਹੁੰਚਾਇਆ ਗਿਆ ਹੈ। ਅੰਦੋਲਨਕਾਰੀਆਂ ਵੱਲੋਂ ਸਰਕਾਰੀ ਅਤੇ ਨਿੱਜੀ ਸੰਪਤੀ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਕੀਤਾ ਹੋਇਆ ਸੀ ਕਿ ਜੇਕਰ ਅੰਦੋਲਨ ਦੌਰਾਨ ਅੰਦੋਲਨਕਾਰੀ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹਨ, ਤਾਂ ਇਸ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਉਨ੍ਹਾਂ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਨੂੰ ਜ਼ਬਤ ਕਰਕੇ ਕੀਤੀ ਜਾਵੇਗੀ।
ਪੁਲਿਸ ਨੇ ਬਿਆਨ ਵਿੱਚ ਕਿਹਾ ਹੈ ਕਿ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕਿਸਾਨ ਯੂਨੀਅਨਾਂ ਦੇ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਕਿਸੇ ਆਮ ਆਦਮੀ ਨੂੰ ਇਸ ਅੰਦੋਲਨ ਦੌਰਾਨ ਕਿਸੇ ਵੀ ਜਾਇਦਾਦ ਦਾ ਨੁਕਸਾਨ ਹੋਇਆ ਹੈ, ਤਾਂ ਉਹ ਪ੍ਰਸ਼ਾਸਨ ਨੂੰ ਨੁਕਸਾਨ ਦਾ ਵੇਰਵਾ ਦੇ ਸਕਦਾ ਹੈ।
ਅੰਬਾਲਾ ਪੁਲਿਸ ਨੇ ਕਿਹਾ ਕਿ ਉਸ ਨੇ ਸਰਕਾਰੀ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਜਾਇਦਾਦ ਕੁਰਕ ਕਰਨ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਬੈਂਕ ਖਾਤੇ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਰਜਾਨੇ ਦੀ ਗਣਨਾ ਕਰਨ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਜਾਇਦਾਦ ਕੁਰਕ ਕਰਨ ਅਤੇ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਸਬੰਧੀ ਕਾਰਵਾਈ ਦੇ ਸਬੰਧ ਵਿੱਚ ਅੰਬਾਲਾ ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਸਥਾਨਕ ਆਗੂਆਂ ਖ਼ਿਲਾਫ਼ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇਸ ਦੇ ਪ੍ਰਧਾਨ ਅਮਰਜੀਤ ਸਿੰਘ ਮੋਹੜੀ, ਇਸ ਦੇ ਬੁਲਾਰੇ ਤੇਜਵੀਰ ਸਿੰਘ, ਕੋਰ ਕਮੇਟੀ ਮੈਂਬਰ ਜੈ ਸਿੰਘ ਜਲਬੇੜਾ, ਮਨਜੀਤ ਸਿੰਘ (ਪਿੰਡ ਗਰਨਾਲਾ), ਗੁਰਮੀਤ ਸਿੰਘ (ਮਾਜਰੀ), ਕੁਲਦੀਪ ਸਿੰਘ (ਮੋਹੜੀ) ਅਤੇ ਸੁਖਚੈਨ ਸਿੰਘ (ਭਰੋਗ) ਸਮੇਤ ਹੋਰ ਕਿਸਾਨ ਆਗੂ ਸ਼ਾਮਲ ਹਨ।
ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਹਰਿਆਣਾ ਪੁਲਿਸ ਨੇ 21 ਫਰਵਰੀ ਨੂੰ ਪੰਜਾਬ ਦੇ ਦਾਤਾ ਸਿੰਘਵਾਲਾ-ਖਨੌਰੀ ਬਾਰਡਰ ‘ਤੇ ਹੋਈ ਹਿੰਸਾ ਦੇ ਸਬੰਧ ‘ਚ ਅੰਦੋਲਨਕਾਰੀ ਕਿਸਾਨਾਂ ‘ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ‘ਚ ਐਫਆਈਆਰ ਵੀ ਦਰਜ ਕੀਤੀ ਹੈ ਜਿਸ ‘ਚ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸਨ।