ਗੁਰੂਗ੍ਰਾਮ, 25 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕੰਬੋਡੀਆ ਵਿਚ ਸਾਈਬਰ ਠੱਗੀ ਦੇ ਮਾਮਲਿਆਂ ’ਚ ਹਾਲੀਆ ਇਕ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ’ਚ 3000 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚ 105 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਹ ਕਾਰਵਾਈ ਭਾਰਤੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਦੀ ਬੇਨਤੀ ’ਤੇ ਕੰਬੋਡੀਆ ਸਰਕਾਰ ਨੇ ਕੀਤੀ ਹੈ।
ਗੁਰੂਗ੍ਰਾਮ ਸਾਈਬਰ ਪੁਲਿਸ ਨੇ 25 ਦਿਨ ਪਹਿਲਾਂ ਦਿੱਲੀ ਹਵਾਈ ਅੱਡੇ ਤੋਂ ਖੁਸ਼ਬੂ ਨਾਂ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਹੜੀ ਕੰਬੋਡੀਆ ਦੇ ਨੋਮ ਪੇਨਹ ਸਥਿਤ ਇਕ ਕਾਲ ਸੈਂਟਰ ਵਿਚ ਕੰਮ ਕਰ ਰਹੀ ਸੀ। ਗੁਜਰਾਤ ਦੇ ਸੂਰਤ ਦੀ ਰਹਿਣ ਵਾਲੀ ਖੁਸ਼ਬੂ ਲਗਪਗ ਦੋ ਸਾਲਾਂ ਤੋਂ ਸਾਈਬਰ ਠੱਗੀ ਵਿਚ ਸ਼ਾਮਲ ਸੀ। ਗੁਰੂਗ੍ਰਾਮ ਵਿਚ ਰਹਿਣ ਵਾਲੀ ਇਕ ਔਰਤ ਨਾਲ ਡਿਜੀਟਲ ਅਰੈਸਟ ਜ਼ਰੀਏ ਕਰੀਬ ਤਿੰਨ ਕਰੋੜ ਦੀ ਠੱਗੀ ਦੇ ਮਾਮਲੇ ਦੀ ਜਾਂਚ ਕਰਦਿਆਂ ਬੈਂਕ ਖਾਤਾ ਧਾਰਕ ਸਮੇਤ ਕੁੱਲ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਆਖ਼ਰੀ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਬੈਂਕ ਖਾਤਾ ਦੁਬਈ ਵਿਚ ਰਹਿਣ ਵਾਲੇ ਆਪਣੇ ਭਰਾ ਜ਼ਰੀਏ ਖੁਸ਼ਬੂ ਨੂੰ ਵੇਚਿਆ ਸੀ। ਇਸ ਤੋਂ ਬਾਅਦ ਉਹ ਨਿਗਰਾਨੀ ’ਤੇ ਸੀ। ਖੁਸ਼ਬੂ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਨੋਮ ਪੇਨਹ ਵਿਚ ਸੈਂਕੜੇ ਕਾਲ ਸੈਂਟਰ ਹਨ ਜਿੱਥੇ ਭਾਰਤ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ 10 ਹਜ਼ਾਰ ਤੋਂ ਵੱਧ ਲੋਕ ਠੱਗੀ ਕਰ ਰਹੇ ਹਨ। ਕਾਲ ਸੈਂਟਰਾਂ ਵਿਚ ਤਿੰਨ ਲੇਅਰਾਂ ਵਿਚ ਕੰਮ ਹੁੰਦਾ ਹੈ। ਪਹਿਲੀ ਲੇਅਰ ਵਿਚ ਬੈਠੇ ਲੋਕ ਫੋਨ ਕਰਦੇ ਹਨ ਅਤੇ ਦੂਜੀ ਤੇ ਤੀਜੀ ਲੇਅਰ ਵਿਚ ਬੈਠੇ ਲੋਕ ਠੱਗੀ ਦੀਆਂ ਵਾਰਦਾਤਾਂ ਕਰਦੇ ਹਨ। ਖੁਸ਼ਬੂ ਪਹਿਲੀ ਲੇਅਰ ਵਿਚ ਕੰਮ ਕਰਦੀ ਸੀ। ਪੰਜ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਗੁਰੂਗ੍ਰਾਮ ਸਾਈਬਰ ਪੁਲਿਸ ਨੇ ਇਹ ਸਾਰੀ ਜਾਣਕਾਰੀ ਗ੍ਰਹਿ ਮੰਤਰਾਲੇ ਨਾਲ ਪੱਤਰਾਚਾਰ ਕਰ ਕੇ ਸਾਂਝੀ ਕੀਤੀ ਸੀ।
ਗੁਰੂਗ੍ਰਾਮ ਸਾਈਬਰ ਪੁਲਿਸ ਦੇ ਏਸੀਪੀ ਪ੍ਰਿਯਾਂਸ਼ੂ ਦੀਵਾਨ ਨੇ ਦੱਸਿਆ ਕਿ ਇਹ ਪਹਿਲੀ ਵਾਰੀ ਹੈ ਜਦੋਂ ਵਿਦੇਸ਼ ਤੋਂ ਸਾਈਬਰ ਠੱਗੀ ਦੇ ਮਾਮਲੇ ਵਿਚ ਕਿਸੇ ਸਰਗਰਮ ਕਾਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਰਤੀ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਹਰ ਸਾਲ ਭਾਰਤੀ ਨਾਗਰਿਕਾਂ ਨਾਲ ਹਜ਼ਾਰਾਂ ਕਰੋੜ ਦੀ ਠੱਗੀ ਹੋ ਰਹੀ ਹੈ।
ਕੰਬੋਡੀਆ ਵਿਚ ਇਸ ਕਾਰਵਾਈ ਤੋਂ ਬਾਅਦ ਭਾਰਤੀ ਗ੍ਰਹਿ ਮੰਤਰਾਲਾ ਜਲਦੀ ਹੀ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਜਾਣਕਾਰੀ ਸਾਂਝੀ ਕਰੇਗਾ ਜਿਸ ਵਿਚ ਦੱਸਿਆ ਜਾਵੇਗਾ ਕਿ ਕਿਸ ਸੂਬੇ ਤੇ ਜ਼ਿਲ੍ਹੇ ਦੇ ਕਿੰਨੇ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਕਾਰਵਾਈ ਨਾਲ ਸਾਈਬਰ ਠੱਗੀ ਦੀਆਂ ਘਟਨਾਵਾਂ ਵਿਚ ਕਮੀ ਆਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।