ਨਵੀਂ ਦਿੱਲੀ, 23 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰਤ ਨੇ ਪੰਜ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਚੀਨੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਮੁੜ ਖੋਲ੍ਹ ਦਿੱਤੇ ਹਨ। 24 ਜੁਲਾਈ ਤੋਂ ਚੀਨੀ ਨਾਗਰਿਕਾਂ ਨੂੰ ਭਾਰਤ ਦੇ ਟੂਰਿਜ਼ਮ ਵੀਜ਼ੇ ਮਿਲਣੇ ਸ਼ੁਰੂ ਹੋ ਜਾਣਗੇ। ਭਾਰਤ ਦੇ ਬੀਜਿੰਗ ਸਥਿਤ ਦੂਤਘਰ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ।
ਇਸ ਐਲਾਨ ਦੇ ਨਾਲ ਹੀ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ‘ਚ ਨਵੀਂ ਗਰਮਾਹਟ ਦੀ ਉਮੀਦ ਜਾਗੀ ਹੈ। 2020 ‘ਚ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਭਾਰਤ ਨੇ ਸਾਰੇ ਟੂਰਿਸਟ ਵੀਜ਼ੇ ਰੱਦ ਕਰ ਦਿੱਤੇ ਸਨ ਪਰ ਹੁਣ ਚੀਨੀ ਨਾਗਰਿਕ ਆਨਲਾਈਨ ਅਰਜ਼ੀ ਦੇ ਕੇ, ਅਪੁਆਇੰਟਮੈਂਟ ਲੈ ਕੇ ਤੇ ਬੀਜਿੰਗ, ਸ਼ੰਘਾਈ ਤੇ ਗੁਆਂਗਜ਼ੂ ਦੇ ਭਾਰਤੀ ਵੀਜ਼ਾ ਸੈਂਟਰਾਂ ‘ਚ ਪਾਸਪੋਰਟ ਤੇ ਹੋਰ ਦਸਤਾਵੇਜ਼ ਜਮ੍ਹਾਂ ਕਰ ਕੇ ਵੀਜ਼ਾ ਪ੍ਰਾਪਤ ਕਰ ਸਕਣਗੇ।
ਦੂਤਘਰ ਨੇ ਸਾਫ ਕੀਤਾ ਹੈ ਕਿ ਬੀਜਿੰਗ ਦੇ ਭਾਰਤੀ ਵੀਜ਼ਾ ਸੈਂਟਰ ‘ਚ ਜਮ੍ਹਾਂ ਕੀਤੀਆਂ ਗਈਆਂ ਅਰਜ਼ੀਆਂ ਲਈ ਪਾਸਪੋਰਟ ਵਾਪਸੀ ਦੇ ਸਮੇਂ ਇਕ ਪਾਸਪੋਰਟ ਵਾਪਸੀ ਪੱਤਰ ਦੇਣਾ ਹੋਵੇਗਾ। ਇਹ ਸਟੈੱਪ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਉਠਾਇਆ ਗਿਆ ਹੈ।
ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ ਭਾਰਤ-ਚੀਨ ਦੇ ਰਿਸ਼ਤੇ
ਕੋਵਿਡ-19 ਤੇ 2020 ਦੇ ਗਲਵਾਨ ਘਾਟੀ ਸੰਘਰਸ਼ ਤੋਂ ਬਾਅਦ ਭਾਰਤ-ਚੀਨ ਦੇ ਵਿਚਕਾਰ ਯਾਤਰਾ ਤੇ ਰਿਸ਼ਤਿਆਂ ‘ਤੇ ਬਹੁਤ ਹੀ ਨਕਾਰਾਤਮਕ ਅਸਰ ਹੋਇਆ ਸੀ। ਜਿੱਥੇ ਚੀਨ ਨੇ ਹੌਲੀ-ਹੌਲੀ ਭਾਰਤੀ ਵਿਦਿਆਰਥੀਆਂ ਤੇ ਵਪਾਰੀਆਂ ਲਈ ਵੀਜ਼ੇ ਸ਼ੁਰੂ ਕੀਤੇ, ਉੱਥੇ ਹੀ ਆਮ ਯਾਤਰਾ ‘ਤੇ ਪਾਬੰਦੀ ਸੀ। ਗਲਵਾਨ ਸੰਘਰਸ਼ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤੇ 1962 ਦੇ ਯੁੱਧ ਤੋਂ ਬਾਅਦ ਦੇ ਸਭ ਤੋਂ ਹੇਂਠਲੇ ਪੱਧਰ ‘ਤੇ ਪਹੁੰਚ ਗਏ ਸਨ।
ਸੰਖੇਪ: ਭਾਰਤ ਨੇ 5 ਸਾਲ ਬਾਅਦ ਚੀਨੀ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਨਾਲ ਭਾਰਤ-ਚੀਨ ਰਿਸ਼ਤਿਆਂ ਵਿੱਚ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ।