02 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸੰਗਰੂਰ ਦੇ ਖਨੌਰੀ ਅਤੇ ਨਾਲ ਲੱਗਦੇ ਇਲਾਕਿਆਂ ਉਤੇ ਵੱਡਾ ਖਤਰਾ ਮੰਡਰਾ ਰਿਹਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਭਾਖੜਾ ਨਹਿਰ ਵਿੱਚੋਂ ਪਾਣੀ ਲੀਕ ਹੋ ਰਿਹਾ ਹੈ। ਭਾਖੜਾ ਨਹਿਰ ਵਿੱਚੋਂ ਪਾਣੀ ਲੀਕ ਹੋ ਕੇ ਘੱਗਰ ਦਰਿਆ ਵਿੱਚ ਡਿੱਗ ਰਿਹਾ ਹੈ।
ਸੰਗਰੂਰ ਦੇ ਖਨੌਰੀ ਇਲਾਕੇ ਵਿੱਚ ਘੱਗਰ ਦਰਿਆ ਦੇ ਉੱਪਰ ਲੰਘ ਰਹੀ ਭਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ। ਇਹ ਲੀਕਜ ਇੱਕ ਵੱਡਾ ਸੰਕਟ ਬਣ ਸਕਦੀ ਹੈ, ਕਿਉਂਕਿ ਘੱਗਰ ਵਿੱਚ ਵੀ ਮੀਂਹ ਦੇ ਮੌਸਮ ਕਾਰਨ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਭਾਖੜਾ ਨਹਿਰ, ਹਿਮਾਚਲ ਤੋਂ ਚੱਲ ਕੇ ਪੰਜਾਬ, ਹਰਿਆਣਾ ਰਾਹੀਂ ਰਾਜਸਥਾਨ ਤੱਕ ਜਾਂਦੀ ਹੈ। ਇਹ ਨਾ ਸਿਰਫ਼ ਪੰਜਾਬ ਦੀ ਸਿੰਚਾਈ ਲਈ ਜੀਵਨ ਰੇਖਾ ਹੈ, ਸਗੋਂ ਦੱਖਣੀ ਰਾਜਾਂ ਲਈ ਵੀ ਇਹ ਵੱਡਾ ਸਰੋਤ ਹੈ।
ਇਸ ਨਹਿਰ ਵਿੱਚ ਪਾਣੀ ਦਾ ਬਹਾਅ ਕਾਫੀ ਤੇਜ਼ ਹੋਣ ਕਰਕੇ ਲੰਘਣ ਵਾਲੇ ਪੁਲ ਹੇਠੋਂ ਹੋ ਰਹੀ ਲੀਕਜ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਰੂਪ ਧਾਰ ਸਕਦੀ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਚਿਤਾਵਨੀ ਦਿੱਤੀ ਗਈ ਹੈ। ਘੱਗਰ ਵਿੱਚ ਵਧਦੇ ਪਾਣੀ ਦੇ ਦਬਾਅ ਅਤੇ ਲੀਕਜ ਕਾਰਨ ਪੁਲ ਨੂੰ ਨੁਕਸਾਨ ਹੋ ਸਕਦਾ ਹੈ।
ਸੰਖੇਪ:
ਸੰਗਰੂਰ ਦੇ ਖਨੌਰੀ ‘ਚ ਭਾਖੜਾ ਨਹਿਰ ਤੋਂ ਪਾਣੀ ਲੀਕ ਹੋਣ ਕਾਰਨ ਘੱਗਰ ਦਰਿਆ ਵਿੱਚ ਪਾਣੀ ਵਧ ਰਿਹਾ ਹੈ, ਜਿਸ ਨਾਲ ਨੇੜਲੇ ਪਿੰਡਾਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ।