Team India

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੈਰਿਸ ਵਿੱਚ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਅਤੇ ਸੀਨੀਅਰ ਨਿਸ਼ਾਨੇਬਾਜ਼ ਚੈਨ ਸਿੰਘ ਇੱਥੇ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਆਪੋ-ਆਪਣੇ ਮੁਕਾਬਲਿਆਂ ਦੇ ਫਾਈਨਲ ਵਿੱਚ ਤਾਂ ਪਹੁੰਚ ਗਏ ਪਰ ਤਗ਼ਮੇ ਹਾਸਲ ਕਰਨ ਤੋਂ ਖੁੰਝ ਗਏ। ਇਸ ਤਰ੍ਹਾਂ ਵਿਸ਼ਵ ਕੱਪ ਵਿੱਚ ਅੱਜ ਭਾਰਤ ਇੱਕ ਵੀ ਤਗ਼ਮਾ ਨਹੀਂ ਜਿੱਤ ਸਕਿਆ। ਮੰਗਲਵਾਰ ਨੂੰ ਮੁਕਾਬਲੇ ਦੇ ਪਹਿਲੇ ਦਿਨ ਭਾਰਤ ਨੇ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ। ਓਲੰਪਿਕ ਵਿੱਚ ਦੋ ਕਾਂਸੇ ਦੇ ਤਗ਼ਮੇ ਜਿੱਤਣ ਵਾਲੀ ਮਨੂ ਭਾਕਰ 25 ਮੀਟਰ ਪਿਸਟਲ ਮੁਕਾਬਲੇ ਵਿੱਚ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਛੇਵੇਂ ਸਥਾਨ ’ਤੇ ਰਹੀ। ਇਸ ਤੋਂ ਪਹਿਲਾਂ ਕੁਆਲੀਫਾਇੰਗ ਗੇੜ ਵਿੱਚ ਉਹ 588 ਦੇ ਕੁੱਲ ਸਕੋਰ ਨਾਲ ਪੰਜਵੇਂ ਸਥਾਨ ’ਤੇ ਰਹੀ ਸੀ। ਚੈਨ ਸਿੰਘ ਨੇ ਕੁਆਲੀਫਾਇੰਗ ਗੇੜ ਵਿੱਚ ਚੰਗੇ ਸਕੋਰ ਦੇ ਆਧਾਰ ’ਤੇ ਪੁਰਸ਼ਾਂ ਦੇ 50 ਮੀਟਰ ਰਾਈਫਲ 3-ਪੋਜ਼ੀਸ਼ਨਜ਼ ਈਵੈਂਟ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ ਪਰ ਅੱਠ ਨਿਸ਼ਾਨੇਬਾਜ਼ਾਂ ਦੇ ਮੈਡਲ ਗੇੜ ਵਿੱਚ ਉਹ ਸੱਤਵੇਂ ਸਥਾਨ ’ਤੇ ਰਿਹਾ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹੋਰ ਭਾਰਤੀ ਸਵਪਨਿਲ ਕੁਸਾਲੇ ਅਤੇ ਅੰਕੁਸ਼ ਜਾਧਵ ਕ੍ਰਮਵਾਰ 587 ਅਤੇ 580 ਦੇ ਸਕੋਰ ਨਾਲ 38ਵੇਂ ਅਤੇ 67ਵੇਂ ਸਥਾਨ ’ਤੇ ਰਹੇ। ਪੁਰਸ਼ਾਂ ਦਾ 10 ਮੀਟਰ ਏਅਰ ਪਿਸਟਲ ਮੁਕਾਬਲਾ ਵੀਰਵਾਰ ਨੂੰ ਸ਼ੁਰੂ ਹੋਵੇਗਾ ਜਿਸ ਵਿੱਚ ਭਾਰਤੀ ਓਲੰਪੀਅਨ ਅਰਜੁਨ ਬਬੂਟਾ ਅਤੇ ਸੰਦੀਪ ਸਿੰਘ ਨੂੰ ਪੈਰਿਸ ਓਲੰਪਿਕ ਵਿੱਚ ਸੋਨ ਤਗਮਾ ਜੇਤੂ ਸ਼ੇਂਗ ਲਿਹਾਓ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। 

ਸੰਖੇਪ: ਮਨੂ ਭਾਕਰ ਅਤੇ ਚੈਨ ਸਿੰਘ ਨੇ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚ ਕੀਤੀ, ਪਰ ਤਗ਼ਮੇ ਜਿੱਤਣ ਤੋਂ ਰਹਿ ਗਏ। ਭਾਰਤ ਅੱਜ ਕੋਈ ਤਗ਼ਮਾ ਨਹੀਂ ਜਿੱਤ ਸਕਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।