09 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਅਦਾਕਾਰਾ ਸੋਨਾਲੀ ਬੇਂਦਰੇ ਨੇ ਕੈਂਸਰ ਦੇ ਇਲਾਜ ਦੌਰਾਨ ਆਪਣੇ ਸਾਥੀ ਕਲਾਕਾਰ ਸਲਮਾਨ ਖ਼ਾਨ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ। ਅਦਾਕਾਰਾ ਨੇ ਕਿਹਾ ਕਿ ਕਿਵੇਂ ਸਮੇਂ ਦੇ ਨਾਲ ਸਲਮਾਨ ਖ਼ਾਨ ਬਾਰੇ ਉਸ ਦੀ ਧਾਰਨਾ ਬਦਲ ਗਈ। ਫ਼ਿਲਮ ‘ਹਮ ਸਾਥ ਸਾਥ ਹੈਂ’ ਦੇ ਸੈੱਟ ’ਤੇ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਸੋਨਾਲੀ ਨੇ ਦੱਸਿਆ ਕਿ ਉਸ ਸਮੇਂ ਉਹ ਦੋਵੇਂ ਚੰਗੇ ਦੋਸਤ ਸਨ। ਉਸ ਨੇ ਦੱਸਿਆ ਕਿ ਸਲਮਾਨ ਦਾ ਸ਼ਰਾਰਤੀ ਸੁਭਾਅ ਉਸ ਨੂੰ ਅਕਸਰ ਪ੍ਰੇਸ਼ਾਨ ਕਰਦਾ ਸੀ ਪਰ ਸਮੇਂ ਦੇ ਨਾਲ ਉਸ ਨੂੰ ਸਮਝ ਆ ਗਈ। ਅਦਾਕਾਰਾ ਨੇ ਕਿਹਾ ਕਿ ਜਦੋਂ ਉਹ ਅਮਰੀਕਾ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੀ ਸੀ ਤਾਂ ਸਲਮਾਨ ਨਿਊਯਾਰਕ ਵਿੱਚ ਉਸ ਨੂੰ ਮਿਲਣ ਲਈ ਆਇਆ। ਇੱਕ ਵਾਰ ਨਹੀਂ ਸਗੋਂ ਦੋ ਵਾਰ। ਸਲਮਾਨ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਉਸ ਨੂੰ ਵਧੀਆ ਇਲਾਜ ਮਿਲ ਰਿਹਾ ਹੈ। ਉਸ ਨੇ ਉਸ ਦੇ ਪਤੀ ਗੋਲਡੀ (ਬਹਿਲ) ਨੂੰ ਫੋਨ ਕੀਤਾ ਅਤੇ ਪੁੱਛਿਆ, ‘ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡੇ ਕੋਲ ਸਹੀ ਡਾਕਟਰ ਹੈ। ਤੁਹਾਨੂੰ ਇਨ੍ਹਾਂ ਡਾਕਟਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।’’ ਅਦਾਕਾਰਾ ਨੇ ਦੱਸਿਆ ਕਿ ਇਸ ਦੌਰਾਨ ਸਲਮਾਨ ਨੇ ਪਰਿਵਾਰ ਦੇ ‘ਵੱਡੇ’ ਹੋਣ ਦੀ ਭੂਮਿਕਾ ਨਿਭਾਈ ਜਿਸ ਦਾ ਮਕਸਦ ਇਹ ਯਕੀਨੀ ਬਣਾਉਣਾ ਸੀ ਕਿ ਸਭ ਕੁਝ ਠੀਕ ਹੋਵੇ। ਸਲਮਾਨ ਦੇ ਅਜਿਹੇ ਵਤੀਰੇ ਨੇ ਸੋਨਾਲੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਉਸ ਨੇ ਸਵੀਕਾਰ ਕੀਤਾ ਕਿ ਸਲਮਾਨ ਤੋਂ ਅਜਿਹੇ ਵਿਹਾਰ ਦੀ ਉਮੀਦ ਨਹੀਂ ਸੀ, ਜਿਸ ਨੂੰ ਉਸ ਨੇ ਸ਼ੁਰੂ ਵਿੱਚ ਗ਼ਲਤ ਸਮਝਿਆ। ਅਦਾਕਾਰਾ ਨੇ ਕਿਹਾ ਕਿ ਭਾਵੇਂ ਉਸ ਅਤੇ ਸਲਮਾਨ ਵਿੱਚ ਕੁਝ ਮਤਭੇਦ ਸਨ ਪਰ ਹੁਣ ਉਹ ਉਸ ਦੀ ਸ਼ਲਾਘਾ ਕਰਦੀ ਹੈ।
ਸੰਖੇਪ: ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਇੱਕ ਇੰਟਰਵਿਊ ਦੌਰਾਨ ਸਲਮਾਨ ਖ਼ਾਨ ਦੀ ਸਿਦਕ, ਮਿਹਨਤ ਅਤੇ ਮਿੱਠੇ ਸੁਭਾਅ ਦੀ ਖੁਲ ਕੇ ਤਾਰੀਫ਼ ਕੀਤੀ।