05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਗਾਇਕੀ ਦੇ ਖੇਤਰ ਵਿੱਚ ਚਰਚਿਤ ਗਾਇਕ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਸਿੰਗਾ, ਜੋ ਬਤੌਰ ਅਦਾਕਾਰ ਵੀ ਬਰਾਬਰਤਾ ਨਾਲ ਸਥਾਪਤੀ ਲਈ ਯਤਨਸ਼ੀਲ ਹਨ, ਜਿੰਨ੍ਹਾਂ ਵੱਲੋਂ ਇਸ ਦਿਸ਼ਾ ਵਿੱਚ ਵਧਾਏ ਜਾ ਰਹੇ ਕਦਮਾਂ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ ‘ਸਈਓਨੀ’, ਜਿਸ ਨੂੰ ਜਲਦ ਹੀ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।
‘ਕੇਬਲਵਨ’ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ‘ਜੇਐਮਡੀ ਪ੍ਰੋਡੋਕਸ਼ਨ’ ਤੋਂ ਇਲਾਵਾ ‘ਅਲਿਜਵਿਲ ਐਂਟਰਟੇਨਮੈਂਟ ਦੀ ਇਨ ਹਾਊਸ ਐਸੋਸੀਏਸ਼ਨ’ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਫਿਲਮ, ਜਿਸ ਦਾ ਇਮਰਾਨ ਸ਼ੇਖ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਅਰਥ-ਭਰਪੂਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਨਿਰਮਾਤਾ ਜਤਿੰਦਰ ਕੁਮਾਰ ਭਾਰਦਵਾਜ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫਿਲਮ ਵਿਚ ਗਾਇਕ-ਅਦਾਕਾਰ ਸਿੰਘਾ ਅਤੇ ਅਦਾਕਾਰਾ ਸ਼ਰਨ ਕੌਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਫਿਲਮ ਸਪੇਸ ਸ਼ੇਅਰ ਕਰਨ ਜਾ ਰਹੇ ਹਨ।
ਪਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਉਕਤ ਰੁਮਾਂਟਿਕ-ਐਕਸ਼ਨ ਫਿਲਮ ਦੀ ਸਟਾਰ ਕਾਸਟ ਵਿੱਚ ਹੋਬੀ ਧਾਲੀਵਾਲ, ਸ਼ਵਿੰਦਰ ਮਾਹਲ, ਬਨਿੰਦਰ ਬਨੀ, ਜੈ ਸਿੰਘ ਧਾਲੀਵਾਲ, ਰੋਜ ਜੇ ਕੌਰ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਕੈਨੇਡਾ ਆਧਾਰਿਤ ਪੰਜਾਬ ਮੂਲ ਅਦਾਕਾਰਾ ਸਪਨਾ ਬਸੀ ਵੀ ਇਸ ਦਾ ਖਾਸ ਆਕਰਸ਼ਨ ਹੋਵੇਗੀ, ਜੋ ਇਸ ਮੰਨੋਰੰਜਕ ਮਸਾਲਾ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਵਿੱਚ ਹਨ।
ਸਾਲ 2023 ਵਿੱਚ ਰਿਲੀਜ਼ ਹੋਈ ‘ਮਾਈਨਿੰਗ : ਰੇਤੇ ਤੇ ਕਬਜ਼ਾ’ ਵਿੱਚ ਨਜ਼ਰ ਆਏ ਸਨ ਗਾਇਕ ਸਿੰਗਾ, ਜਿੰਨ੍ਹਾਂ ਦੁਆਰਾ ਇਸ ਤੋਂ ਪਹਿਲਾ ਸਾਹਮਣੇ ਆਈਆਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਮਹੱਤਵਪੂਰਨ ਰੋਲ ਅਦਾ ਕੀਤੇ ਗਏ ਹਨ, ਜਿਸ ਵਿੱਚ ‘ਕਦੇ ਹਾਂ ਕਦੇ ਨਾ’, ‘ਜ਼ੋਰਾ ਦਾ ਸੈਕੰਢ ਚੈਪਟਰ’ ਵੀ ਸ਼ੁਮਾਰ ਰਹੀਆਂ ਹਨ। 27 ਜੂਨ ਨੂੰ ਕੇਬਲਵਨ ਓਟੀਟੀ ਨੈੱਟਵਰਕ ਉਪਰ ਸਟ੍ਰੀਮ ਹੋ ਰਹੀ ਇਸ ਫਿਲਮ ਦੇ ਲੇਖਕ ਸੁਖਜਿੰਦਰ ਸਿੰਘ ਬੱਬਲ, ਡੀ.ਓ.ਪੀ ਸੋਨੀ ਸਿੰਘ ਅਤੇ ਸੰਪਾਦਕ ਹਾਰਦਿਕ ਸਿੰਘ ਰੀਨ ਹਨ।
ਸੰਖੇਪ: ਪੰਜਾਬੀ ਗਾਇਕ ਸਿੰਘਾ ਦੀ ਨਵੀਂ ਫਿਲਮ ਦੀ ਪਹਿਲੀ ਝਲਕ ਰਿਲੀਜ਼ ਹੋਈ ਹੈ, ਜਿਸ ਨੂੰ ਫੈਨਜ਼ ਵੱਲੋਂ ਚੰਗੀ ਪ੍ਰਤਿਕਿਰਿਆ ਮਿਲ ਰਹੀ ਹੈ।