Sardaar Ji 3

02 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਦਿਲਜੀਤ ਦੁਸਾਂਝ ਦੀ ਆਉਣ ਵਾਲੀ ਬਹੁ-ਚਰਚਿਤ ਅਤੇ ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ‘ਸਰਦਾਰ ਜੀ 3’ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਉਹਨਾਂ ਨਾਲ ਚਿਹਰਿਆਂ ਨੂੰ ਘੁੰਡ ਵਿੱਚ ਲੁਕੋ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਵਿਵਾਦ ਅਤੇ ਰਿਲੀਜ਼ ਵਿੱਚ ਪੈ ਸਕਦੇ ਵਿਘਨ ਤੋਂ ਬਚਿਆ ਜਾ ਸਕੇ।

‘ਵਾਈਟ ਹਿੱਲ ਸਟੂਡਿਓਜ਼’ ਅਤੇ ‘ਸਟੋਰੀ ਲਾਈਨ ਪ੍ਰੋਡੋਕਸ਼ਨ’ ਵੱਲੋਂ ਸੰਯੁਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਇੰਨੀ ਦਿਨੀਂ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਆਪਣਾ ਸ਼ੁਮਾਰ ਕਰਵਾ ਰਹੇ ਹਨ, ਜਿੰਨ੍ਹਾਂ ਨੂੰ ਪਹਿਲੀ ਵਾਰ ਦਿਲਜੀਤ ਦੁਸਾਂਝ ਅਤੇ ਵਾਈਟ ਹਿੱਲ ਸਟੂਡਿਓਜ਼ ਵੱਲੋਂ ਬਤੌਰ ਨਿਰਦੇਸ਼ਕ ਕਿਸੇ ਫਿਲਮ ਦਾ ਹਿੱਸਾ ਬਣਾਇਆ ਗਿਆ ਹੈ।

ਯੂਨਾਈਟਡ ਕਿੰਗਡਮ ਦੇ ਸਕਾਟਲੈਂਡ ਸੰਬੰਧਤ ਖੂਬਸੂਰਤ ਇਲਾਕਿਆਂ ਵਿੱਚ ਸ਼ੂਟ ਕੀਤੀ ਗਈ ਇਸ ਬਹੁ-ਕਰੋੜੀ ਸੀਕਵਲ ਫਿਲਮ ਦੇ ਸਿਨੇਮਾਟੋਗ੍ਰਾਫ਼ਰੀ ਪੱਖ ਬਲਜੀਤ ਸਿੰਘ ਦਿਓ ਵੱਲੋਂ ਸੰਭਾਲੇ ਗਏ ਹਨ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ‘ਅਕਾਲ’ ਸਮੇਤ ਗਿੱਪੀ ਗਰੇਵਾਲ ਦੀਆਂ ਕਈ ਫਿਲਮਾਂ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਸਾਲ 2015 ਵਿੱਚ ਰਿਲੀਜ਼ ਹੋਈ ‘ਸਰਦਾਰਜੀ’ ਅਤੇ 2016 ਵਿੱਚ ਸਾਹਮਣੇ ਆਈ ‘ਸਰਦਾਰਜੀ 2‘ ਦੇ ਤੀਸਰੇ ਸੀਕਵਲ ਦੇ ਰੂਪ ਵਿਚ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦੇ ਪਹਿਲੇ ਦੋਨੋਂ ਭਾਗਾਂ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਨੂੰ ਇਸ ਵਾਰ ਉਨ੍ਹਾਂ ਦੇ ਕਮਰਸ਼ਿਅਲ ਰੁਝੇਵਿਆਂ ਦੇ ਮੱਦੇਨਜ਼ਰ ਇਸ ਫਿਲਮ ਦਾ ਹਿੱਸਾ ਨਹੀਂ ਬਣਾਇਆ ਗਿਆ।

ਕਾਮੇਡੀ-ਡਰਾਮਾ ਕਹਾਣੀਸਾਰ ਅਧੀਨ ਬਣਾਈ ਗਈ ਇਸ ਫਿਲਮ ‘ਚ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹਾਨੀਆ ਆਮਿਰ ਅਤੇ ਨਾਸਿਰ ਚਿਨਯੋਤੀ ਵੀ ਸ਼ਾਮਿਲ ਕੀਤੇ ਗਏ ਸਨ, ਜੋ ਸਾਹਮਣੇ ਆਈਆਂ ਵਿਵਾਦਿਤ ਪ੍ਰਸਥਿਤੀਆਂ ਬਾਅਦ ਉਕਤ ਫਿਲਮ ਵਿੱਚ ਨਜ਼ਰ ਆਉਣਗੇ ਜਾਂ ਉਨ੍ਹਾਂ ਦੀ ਜਗ੍ਹਾਂ ਕੁਝ ਹੋਰ ਰਿਪਲੇਸਿੰਗ ਹੋਣਗੇ, ਇਸ ਦਾ ਖੁਲਾਸਾ ਤਾਂ ਫਿਲਮ ਦੀ ਰਿਲੀਜ਼ ਬਾਅਦ ਹੀ ਹੋਵੇਗਾ, ਹਾਲਾਂਕਿ ਮੌਜੂਦਾ ਹਾਲਾਤਾਂ ਦਰਮਿਆਨ ਦਿਲਜੀਤ ਦੁਸਾਂਝ ਅਤੇ ਨਿਰਮਾਣ ਹਾਊਸ ਉਨ੍ਹਾਂ ਨੂੰ ਇਸ ਵਿੱਚ ਰੱਖੇਗਾ ਅਜਿਹੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ।

ਨਿਰਮਾਤਾ ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੰਘ ਸਿੱਧੂ ਅਤੇ ਦਿਲਜੀਤ ਦੁਸਾਂਝ ਵੱਲੋਂ ਨਿਰਮਤ ਕੀਤੀ ਜੋ 27 ਜੂਨ ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ, ਜਿਸ ਨੇ ਰਿਲੀਜਿੰਗ ਤਿਆਰੀਆਂ ਨੂੰ ਕਾਫ਼ੀ ਵੱਡੇ ਪੱਧਰ ਉਪਰ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਸੰਖੇਪ: ਪੰਜਾਬੀ ਫਿਲਮ ‘ਸਰਦਾਰਜੀ 3’ ਦਾ ਪਹਿਲਾ ਲੁੱਕ ਰਿਲੀਜ਼ ਹੋਇਆ ਹੈ। ਇਸ ਵਿੱਚ ਕਿਰਦਾਰਾਂ ਦੇ ਚਿਹਰੇ ਧੁੰਦਲੇ ਅਤੇ ਰਹੱਸਮਈ ਤਰੀਕੇ ਨਾਲ ਦਿਖਾਏ ਗਏ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।