02 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਭਵਿੱਖ ’ਚ ਮਸਨੂਈ ਬੌਧਿਕਤਾ (ਏਆਈ) ਰਾਹੀਂ ਲੜੀਆਂ ਜਾਣ ਵਾਲੀਆਂ ਜੰਗਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਥੇ ਆਈਆਈਐੱਸਐੱਸ ਸ਼ੰਗਰੀ-ਲਾ ਡਾਇਲਾਗ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ਼ ਰਾਊਂਡ ਟੇਬਲ ’ਚ ਹਿੱਸਾ ਲੈਂਦਿਆਂ ਜਨਰਲ ਚੌਹਾਨ ਨੇ ਉਭਰਦੇ ਭੂ-ਸਿਆਸੀ ਹਾਲਾਤ ਅਤੇ ਤੇਜ਼ੀ ਨਾਲ ਹੋ ਰਹੇ ਤਕਨੀਕੀ ਬਦਲਾਅ ਦਾ ਜ਼ਿਕਰ ਕੀਤਾ ਜੋ ਜੰਗ ਦੇ ਬਦਲ ਰਹੇ ਸੁਭਾਅ ਨਾਲ ਸਬੰਧਤ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਤਕਨਾਲੋਜੀ ਨੇ ਗ਼ੈਰ-ਰਾਜਕੀ ਤੱਤਾਂ ਨੂੰ ਤਾਕਤਵਰ ਬਣਾ ਦਿੱਤਾ ਹੈ ਜਿਸ ਕਾਰਨ ਲੁਕਵੀਂ ਜੰਗ ਅਤੇ ਅਸਥਿਰਤਾ ਨੂੰ ਹੱਲਾਸ਼ੇਰੀ ਮਿਲੀ ਹੈ। ਸੰਵਾਦ ’ਚ ਆਸਟਰੇਲੀਆ, ਯੂਰਪੀ ਯੂਨੀਅਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਜਪਾਨ, ਨੈਦਰਲੈਂਡਜ਼, ਨਿਊਜ਼ੀਲੈਂਡ, ਫਿਲਪੀਨਜ਼, ਸਿੰਗਾਪੁਰ, ਯੂਕੇ ਅਤੇ ਅਮਰੀਕਾ ਸਮੇਤ ਹੋਰ ਮੁਲਕਾਂ ਦੇ ਰੱਖਿਆ ਆਗੂਆਂ ਨੇ ਹਿੱਸਾ ਲਿਆ। ਇਸ ਦੌਰਾਨ ਅਹਿਮ ਸੁਰੱਖਿਆ ਚੁਣੌਤੀਆਂ, ਉਭਰਦੇ ਰੁਝਾਨਾਂ ਅਤੇ ਨਿਵੇਕਲੇ ਹੱਲ ਕੱਢਣ ਬਾਰੇ ਚਰਚਾ ਕੀਤੀ ਗਈ। ਸੰਵਾਦ ਰਣਨੀਤਕ ਫ਼ੈਸਲੇ ਲੈਣ, ਸਥਿਰਤਾ ਕਾਇਮ ਕਰਨ ’ਚ ਸਹਿਯੋਗ ਦੇਣ ਅਤੇ ਰੱਖਿਆ ਖੇਤਰ ’ਚ ਸੁਰੱਖਿਆ ਚੁਣੌਤੀਆਂ ਦੇ ਹੱਲ ’ਤੇ ਕੇਂਦਰਿਤ ਰਿਹਾ। ਸੀਡੀਐੱਸ ਜਨਰਲ ਚੌਹਾਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਵਿੱਖ ਦੀਆਂ ਜੰਗਾਂ ਚਾਰ ਰੁਝਾਨਾਂ ਦੇ ਆਲੇ-ਦੁਆਲੇ ਕੇਂਦਰਤ ਰਹਿਣਗੀਆਂ। ਉਨ੍ਹਾਂ ’ਚ ਸਾਰੇ ਖੇਤਰਾਂ ’ਚ ਸੈਂਸਰਾਂ ਦੇ ਪਾਸਾਰ, ਲੰਬੀ ਦੂਰੀ ਦੇ ਹਾਈਪਰਸੋਨਿਕ ਅਤੇ ਸਟੀਕ ਹਥਿਆਰ, ਖੁਦਮੁਖਤਿਆਰ ਪ੍ਰਣਾਲੀਆਂ ਨਾਲ ਮਾਨਵ ਅਤੇ ਮਨੁੱਖ ਰਹਿਤ ਟੀਮਾਂ ਅਤੇ ਏਆਈ ਤੇ ਕੁਆਂਟਮ ਤਕਨਾਲੋਜੀਆਂ ਸ਼ਾਮਲ ਹਨ। ਉਨ੍ਹਾਂ ਭਾਰਤ ਵੱਲੋਂ ਸਥਾਨਕ ਹਾਲਾਤ ਮੁਤਾਬਕ ਪ੍ਰਣਾਲੀਆਂ ਵਿਕਸਤ ਕਰਨ ਅਤੇ ਪ੍ਰਾਈਵੇਟ ਸਨਅਤਾਂ ਦੇ ਸਹਿਯੋਗ ਨਾਲ ਰੱਖਿਆ ਮੈਨੂਫੈਕਚਰਿੰਗ ਸਹਿਯੋਗ ਕਾਇਮ ਕਰਨ ਦਾ ਵੀ ਹਵਾਲਾ ਦਿੱਤਾ। ਜਨਰਲ ਚੌਹਾਨ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਚੱਲ ਰਹੇ ਬਦਲਾਅ ਦੇ ਸਿਧਾਂਤ, ਸੰਗਠਿਤ ਸਭਿਆਚਾਰ ਅਤੇ ਮਾਨਵੀ ਪੂੰਜੀ ਭਾਰਤ ਦੇ ਨਿਵੇਕਲੇ ਭੂਗੋਲ, ਤਜਰਬੇ ਅਤੇ ਖਾਹਿਸ਼ਾਂ ਰਾਹੀਂ ਉਸ ਦੇ ਰੱਖਿਆ ਨਜ਼ਰੀਏ ਨੂੰ ਆਕਾਰ ਦੇਣਗੇ। ਉਨ੍ਹਾਂ ਆਲਮੀ ਸ਼ਾਂਤੀ ਅਤੇ ਜ਼ਿੰਮੇਵਾਰੀ ਦੇ ਅਹਿਸਾਸ ਲਈ ਭਾਰਤ ਦੀ ਵਚਨਬੱਧਤਾ ਦੁਹਰਾਉਂਦਿਆਂ ਆਲਮੀ ਸਥਿਰਤਾ ਲਈ ਸੰਵਾਦ ਅਤੇ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਲਈ ਸ਼ੰਗਰੀ-ਲਾ ਡਾਇਲਾਗ ਦੀ ਸ਼ਲਾਘਾ ਕੀਤੀ।
ਸੀਡੀਐੱਸ ਜਨਰਲ ਅਨਿਲ ਚੌਹਾਨ ਨੇ ‘ਅਪਰੇਸ਼ਨ ਸਿੰਧੂਰ’ ’ਚ ਭਾਰਤ ਦੇ ਤਜਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ‘ਸਿੱਧੇ ਸੰਪਰਕ’ ਵਾਲਾ ਟਕਰਾਅ ਨਹੀਂ ਸੀ ਅਤੇ ਭਵਿੱਖ ’ਚ ਵੀ ਇੰਜ ਹੀ ਜੰਗਾਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਨੇ ‘ਆਕਾਸ਼’ ਵਰਗੀਆਂ ਸਵਦੇਸ਼ੀ ਪ੍ਰਣਾਲੀਆਂ ਰਾਹੀਂ ਹਮਲਿਆਂ ਦਾ ਡਟ ਕੇ ਟਾਕਰਾ ਕੀਤਾ। ਜਨਰਲ ਚੌਹਾਨ ਨੇ ਕਿਹਾ ਕਿ ਆਧੁਨਿਕ ਜੰਗ ਦਾ ਮਾਹੌਲ ਰਣਨੀਤਕ, ਸਮਾਂ-ਸੀਮਾ ਅਤੇ ਰਣਨੀਤੀਆਂ ਦੇ ਗੁੰਝਲਦਾਰ ਦੌਰ ’ਚੋਂ ਗੁਜ਼ਰ ਰਿਹਾ ਹੈ। ਸਾਈਬਰ ਅਪਰੇਸ਼ਨਾਂ ਬਾਰੇ ਸੀਡੀਐੱਸ ਨੇ ਕਿਹਾ ਕਿ ਕੁਝ ਸੇਵਾਵਾਂ ’ਤੇ ਅਸਰ ਪਿਆ ਪਰ ਭਾਰਤ ਦੀ ਹਵਾਈ ਖੇਤਰ ਨਾਲ ਜੁੜੀ ਫੌਜੀ ਪ੍ਰਣਾਲੀਆਂ ਸੁਰੱਖਿਅਤ ਰਹੀਆਂ। ਜੰਗ ਸਮੇਂ ਗਲਤ ਸੂਚਨਾਵਾਂ ਦੇਣ ਦੀ ਚੁਣੌਤੀ ਬਾਰੇ ਜਨਰਲ ਚੌਹਾਨ ਨੇ ਖ਼ੁਲਾਸਾ ਕੀਤਾ ਕਿ 15 ਫ਼ੀਸਦ ਸਮਾਂ ਫਰਜ਼ੀ ਬਿਰਤਾਤਾਂ ਦੇ ਟਾਕਰੇ ’ਚ ਨਿਕਲਿਆ। ਉਨ੍ਹਾਂ ਕਿਹਾ ਕਿ ਭਾਵੇਂ ਮੱਠੀ ਰਫ਼ਤਾਰ ਨਾਲ ਜਵਾਬ ਦਿੱਤੇ ਗਏ ਹੋਣ ਪਰ ਇਹ ਤੱਥਾਂ ’ਤੇ ਆਧਾਰਿਤ ਸਨ।
ਸੰਖੇਪ: ਜਨਰਲ ਅਨਿਲ ਚੌਹਾਨ ਨੇ ਭਵਿੱਖ ਦੀਆਂ ਜੰਗਾਂ ਵਿੱਚ ਮਸਨੂਈ ਬੌਧਿਕਤਾ (ਏਆਈ) ਦੀ ਭੂਮਿਕਾ ਤੇ ਚਿੰਤਾ ਜ਼ਾਹਿਰ ਕੀਤੀ ਹੈ।