Babbu Maan

21 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਬੱਬੂ ਮਾਨ ਅਤੇ ਗੁਰੂ ਰੰਧਾਵਾ ਦੀ ਪੰਜਾਬੀ ਫਿਲਮ ‘ਸ਼ੌਂਕੀ ਸਰਦਾਰ’, ਜੋ ਹਾਲ ਹੀ ਵਿੱਚ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ।

‘ਜੀ ਸਟੂਡਿਓ’ ਅਤੇ ‘ਬੌਸ ਮਿਊਜ਼ਿਕਾ ਰਿਕਾਰਡਸ’ ਦੇ ਬੈਨਰ ਹੇਠ ਬਣਾਈ ਗਈ ਅਤੇ ‘751 ਫਿਲਮ ਦੀ ਇਨ ਹਾਊਸ ਐਸੋਸੀਏਸ਼ਨ’ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਇਸ਼ਾਨ ਕਪੂਰ, ਸ਼ਾਹ ਜੰਡਿਆਲੀ ਅਤੇ ਧਰਮਿੰਦਰ ਬਟੌਲੀ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਫਿਲਮਾਂ ਦੇ ਲੇਖਨ ਅਤੇ ਨਿਰਦੇਸ਼ਨ ਨਾਲ ਜੁੜੇ ਰਹੇ ਹਨ।

ਉਕਤ ਫਿਲਮ ਵਿੱਚ ਬੱਬੂ ਮਾਨ ਅਤੇ ਗੁਰੂ ਰੰਧਾਵਾ ਲੀਡਿੰਗ ਅਤੇ ਪੈਰੇਲਰ ਕਿਰਦਾਰਾਂ ਵਿੱਚ ਹਨ, ਜਿੰਨ੍ਹਾਂ ਤੋਂ ਇਲਾਵਾ ਗੁੱਗੂ ਗਿੱਲ, ਨਿਮਰਤ ਕੌਰ ਆਹਲੂਵਾਲੀਆ, ਧੀਰਜ ਕੁਮਾਰ, ਹਸ਼ਨੀਨ ਚੌਹਾਨ, ਸੁਨੀਤਾ ਧੀਰ ਵੱਲੋਂ ਵੀ ਮਹੱਤਵਪੂਰਨ ਰੋਲ ਅਦਾ ਕੀਤੇ ਗਏ ਹਨ।

ਪੰਜਾਬ ਦੇ ਮਾਲਵਾ ਹੇਠ ਆਉਂਦੇ ਸੰਗਰੂਰ ਅਤੇ ਨਾਭਾ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦਾ ਖਾਸ ਆਕਰਸ਼ਣ ਇਸ ਦਾ ਐਕਸ਼ਨ ਪੱਖ ਵੀ ਹੈ, ਜਿਸ ਸੰਬੰਧਤ ਫਾਈਟ ਵਾਲੇ ਸੀਨ ਨੂੰ ਸ਼ਾਮ ਕੌਸ਼ਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਬਾਲੀਵੁੱਡ ਦੀਆਂ ਬੇਸ਼ੁਮਾਰ ਵੱਡੀਆਂ ਫਿਲਮਾਂ ਦੀ ਫਾਈਟ ਨਿਰਦੇਸ਼ਨਾਂ ਸਫ਼ਲਤਾਪੂਰਵਕ ਕਰ ਚੁੱਕੇ ਹਨ।

99 ਰੁਪਏ ਵਿੱਚ ਦੇਖੋ ਫਿਲਮ ‘ਸ਼ੌਂਕੀ ਸਰਦਾਰ’

ਹਾਲ ਹੀ ਵਿੱਚ ਗਾਇਕ-ਅਦਾਕਾਰ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਮੰਗਲਵਾਰ ਤੋਂ ਤੁਸੀਂ ਇਸ ਪੰਜਾਬੀ ਫਿਲਮ ਨੂੰ ਸਿਰਫ਼ 99 ਵਿੱਚ ਦੇਖ ਸਕਦੇ ਹੋ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, ‘ਮੰਗਲਵਾਰ ਲਈ ਹੁਣੇ ਆਪਣੀਆਂ ਟਿਕਟਾਂ ਬੁੱਕ ਕਰੋ। ਪਰਿਵਾਰਕ ਫਿਲਮ ਹੈ, ਆਪਣੇ ਪਰਿਵਾਰ ਨੂੰ ਲੈ ਕੇ ਜਾਓ ਦੇਖਣ।’

ਸੰਖੇਪ: ਬੱਬੂ ਮਾਨ ਦੀ ਨਵੀਂ ਪੰਜਾਬੀ ਫਿਲਮ ਹੁਣ ਸਿਰਫ਼ 99 ਰੁਪਏ ਵਿੱਚ ਦੇਖੀ ਜਾ ਸਕਦੀ ਹੈ। ਗਾਇਕ ਨੇ ਖੁਦ ਇਸ ਦੀ ਖਾਸ ਜਾਣਕਾਰੀ ਸਾਂਝੀ ਕੀਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।