21 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਮਨੋਰੰਜਨ ਜਗਤ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਹੈ ਆਉਣ ਵਾਲੀ ਪੰਜਾਬੀ ਫਿਲਮ ‘ਸੌਂਕਣ ਸੌਂਕਣੇ 2’, ਜਿਸ ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ। ਟ੍ਰੇਲਰ ਵਿੱਚ ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦਾ ਭਾਰ ਵਧਿਆ ਹੋਇਆ ਦੇਖਿਆ ਜਾ ਸਕਦਾ ਹੈ, ਜਿਸ ਨੂੰ ਦੇਖ ਕੇ ਪਹਿਲਾਂ ਤੋਂ ਪ੍ਰਸ਼ੰਸਕ ਫਿਕਰਾਂ ਵਿੱਚ ਪੈ ਗਏ ਅਤੇ ਹਰ ਇੱਕ ਪ੍ਰਸ਼ੰਸਕ ਦੇ ਦਿਮਾਗ ਵਿੱਚ ਇੱਕ ਹੀ ਸਵਾਲ ਹੈ ਕਿ ਇੱਕਦਮ ਦੋਵੇਂ ਅਦਾਕਾਰਾਂ ਨੇ ਇੰਨਾ ਭਾਰ ਕਿਸ ਤਰ੍ਹਾਂ ਵਧਾ ਲਿਆ।
ਹੁਣ ਇੱਕ ਇੰਟਰਵਿਊ ਦੌਰਾਨ ਦੋਵਾਂ ਹਸੀਨਾਵਾਂ ਨੇ ਇਸ ਬਾਰੇ ਖੱਲ੍ਹ ਕੇ ਗੱਲ ਕੀਤੀ ਹੈ, ਜੀ ਹਾਂ…ਇੱਕ ਇੰਟਰਵਿਊ ਦੌਰਾਨ ਅਦਾਕਾਰਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਭਾਰ ਇੱਕਦਮ ਵਧਾਇਆ। ਇਸ ਬਾਰੇ ਗੱਲ ਕਰਦੇ ਹੋਏ ਅਦਾਕਾਰਾ ਸਰਗੁਣ ਮਹਿਤਾ ਨੇ ਦੱਸਿਆ ਕਿ ਉਹਨਾਂ ਨੇ ਖੁੱਲ੍ਹ ਕੇ ਖਾਣਾ ਵੀ ਖਾਧਾ ਸੀ ਅਤੇ ਨਕਲੀ ਫੈਟ ਰੋਲ ਵੀ ਆਪਣੇ ਸਰੀਰ ਉਤੇ ਲਾਏ ਸਨ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਦੋਵਾਂ ਨੇ ਨਕਲੀ ਅਤੇ ਅਸਲੀ ਦੋਵੇਂ ਤਰੀਕਿਆਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਮੋਟਾ ਦਿਖਾਇਆ।
“ਨਾਦ ਸਟੂਡੀਓ ਪ੍ਰਾਈਵੇਟ ਲਿਮਿਟਡ” ਦੁਆਰਾ ਬਣਾਈ ਅਤੇ ਜਤਿਨ ਸੇਠੀ ਵੱਲੋਂ ਪੇਸ਼ ਕੀਤੀ ਜਾ ਰਹੀ ‘ਸੌਂਕਣ ਸੌਂਕਣੇ 2’ ਦਾ ਲੇਖਣ ਅੰਬਰਦੀਪ ਸਿੰਘ ਨੇ ਕੀਤਾ ਹੈ, ਜਦਕਿ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸਿਨੇਮਾ ਜੋੜੀ ਵੱਲੋਂ ਕਲੋਬ੍ਰੇਟ ਕੀਤੀ ਗਈ ਇਹ ਸਾਲ 2025 ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ, ਜਿਸ ਦੁਆਰਾ ਇਹ ਦੋਨੋਂ ਲੰਮੇਂ ਸਮੇਂ ਬਾਅਦ ਇਕੱਠਿਆਂ ਦਰਸ਼ਕਾਂ ਦੇ ਸਨਮੁੱਖ ਹੋ ਰਹੇ ਹਨ।
ਸਾਲ 2022 ਵਿੱਚ ਸਾਹਮਣੇ ਆਈ ਅਤੇ ਹਿੱਟ ਰਹੀ ‘ਸੌਂਕਣ ਸੌਂਕਣੇ’ ਦੇ ਦੂਜੇ ਭਾਗ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਪੰਜਾਬੀ ਫਿਲਮ, ਜਿਸ ਵਿੱਚ ਇੱਕ ਵਾਰ ਮੁੜ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਲੀਡਿੰਗ ਰੋਲਜ਼ ‘ਚ ਨਜ਼ਰ ਆਉਣਗੇ, ਜਿੰਨ੍ਹਾਂ ਦੀਆਂ ਭੂਮਿਕਾਵਾਂ ਨੂੰ ਇਸ ਵਾਰ ਕਾਫ਼ੀ ਨਿਵੇਕਲੀ ਅਤੇ ਪ੍ਰਭਾਵੀ ਰੰਗਤ ‘ਚ ਰੰਗਿਆ ਗਿਆ ਹੈ। ਦਿਲਚਸਪ ਗੱਲ ਹੈ ਇਹ ਵੀ ਹੈ ਕਿ ਇਸ ਫਿਲਮ ਵਿੱਚ ਸਰਗੁਣ ਮਹਿਤਾ ਦੋਹਰੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ, ਜਿਸ ਲਈ ਉਸਨੇ ਇਟਾਲਵੀ ਭਾਸ਼ਾ ਵੀ ਸਿੱਖੀ ਹੈ।
ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫਿਲਮ ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਜਾਰੀ ਹੁੰਦਿਆਂ ਹੀ ਦਰਸ਼ਕਾਂ ਦਾ ਚਾਰੇ-ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦਾ ਗੀਤ-ਸੰਗੀਤ ਪੱਖ ਵੀ ਇਸ ਦਾ ਖਾਸ ਆਕਰਸ਼ਣ ਹੈ। ਫਿਲਮ 30 ਮਈ ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ।
ਸੰਖੇਪ: ਨਿਮਰਤ ਖਹਿਰਾ ਅਤੇ ਸਰਗੁਣ ਮਹਿਤਾ ਨੇ ਆਪਣੇ ਵਧੇ ਹੋਏ ਵਜ਼ਨ ਨੂੰ ਲੈ ਕੇ ਚੁੱਪੀ ਤੋੜੀ ਹੈ। ਦੋਹਾਂ ਨੇ ਖੁਦ ਦੱਸਿਆ ਕਿ ਆਖਿਰ ਕਿਵੇਂ ਵਧਿਆ ਵਜ਼ਨ।