21 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪਾਲੀਵੁੱਡ ਦੇ ਨਾਲ-ਨਾਲ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵੀ ਬਤੌਰ ਨਿਰਮਾਤਰੀ ਨਵੇਂ ਅਯਾਮ ਕਾਇਮ ਕਰਦੀ ਜਾ ਰਹੀ ਹੈ ਅਦਾਕਾਰਾ ਸਰਗੁਣ ਮਹਿਤਾ, ਜਿੰਨ੍ਹਾਂ ਵੱਲੋਂ ਅਪਣੇ ਸ਼ੋਅ ਨਵੇਂ ‘ਹਾਲੇ ਦਿਲ’ ਦਾ ਚਰਚਿਤ ਬਾਲੀਵੁੱਡ ਅਦਾਕਾਰਾ ਮਨੀਸ਼ਾ ਰਾਣੀ ਨੂੰ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਖੂਬਸੂਰਤ ਸੀਰੀਜ਼ ਵਿੱਚ ਲੀਡਿੰਗ ਭੂਮਿਕਾ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਵੇਗੀ।
‘ਡ੍ਰੀਮੀਆਤਾ ਡਰਾਮਾ’ ਦੇ ਬੈਨਰ ਹੇਠ ਪੇਸ਼ ਕੀਤੇ ਜਾ ਰਹੇ ਇਸ ਰੁਮਾਂਟਿਕ ਡਰਾਮਾ ਅਤੇ ਸੰਗੀਤਮਈ ਸ਼ੋਅ ਦਾ ਨਿਰਮਾਣ ਸਰਗੁਣ ਮਹਿਤਾ, ਜਦਕਿ ਨਿਰਦੇਸ਼ਨ ਰਵੀ ਦੂਬੇ ਕਰ ਰਹੇ ਹਨ। ਚੰਡੀਗੜ੍ਹ ਅਤੇ ਖਰੜ੍ਹ ਆਦਿ ਇਲਾਕਿਆਂ ਵਿੱਚ ਫਿਲਮਾਏ ਜਾਣ ਵਾਲੇ ਇਸ ਸ਼ੋਅ ਦੀ ਝਲਕ ਜਲਦ ਹੀ ਜਾਰੀ ਕੀਤੀ ਜਾਵੇਗੀ।
ਦਿਲ ਟੁੰਬਵੇਂ ਕਹਾਣੀਸਾਰ ਅਧਾਰਿਤ ਇਸ ਸ਼ੋਅ ਦਾ ਪ੍ਰਸਾਰਣ ਡ੍ਰੀਮੀਆਤਾ ਡਰਾਮਾ ਪਲੇਟਫ਼ਾਰਮ ਉਪਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਛੋਟੇ ਪਰਦੇ ਦੇ ਚਮਕਦੇ ਸਿਤਾਰਿਆਂ ਵਿੱਚ ਸ਼ੁਮਾਰ ਕਰਵਾਉਂਦੇ ਅਦਾਕਾਰ ਨਿਸ਼ਾਂਕ ਵਰਮਾ ਵੀ ਮਹੱਤਵਪੂਰਨ ਰੋਲ ਪਲੇਅ ਕਰ ਰਹੇ ਹਨ।
ਪਰਿਵਾਰਿਕ ਪ੍ਰੰਪਰਾਵਾਂ ਦੀ ਤਰਜ਼ਮਾਨੀ ਕਰਦੀ ਕਹਾਣੀ ਅਧੀਨ ਬੁਣੇ ਜਾ ਰਹੇ ਇਸ ਸ਼ੋਅ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਭਾਵਨਾਵਾਂ ਦੇ ਮਿਸ਼ਰਣ ਵਾਲਾ ਇਹ ਇੱਕ ਪਰਿਵਾਰਕ-ਅਨੁਕੂਲ ਡਰਾਮਾ ਹੋਣ ਦੀ ਉਮੀਦ ਹੈ, ਜਿਸ ਵਿੱਚ ਕੰਟੈਂਟ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾਉਂਦੇ ਕਈ ਮੰਜ਼ਰ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
ਰਿਲੀਜ਼ ਹੋਣ ਜਾ ਰਹੀ ਅਪਣੀ ਪੰਜਾਬੀ ਫਿਲਮ ‘ਸ਼ੌਂਕਣ ਸ਼ੌਕਣੇ’ ਨੂੰ ਲੈ ਕੇ ਵੀ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ ਇਹ ਪ੍ਰਤਿਭਾਵਾਨ ਅਦਾਕਾਰਾ, ਜਿੰਨ੍ਹਾਂ ਦਾ ਟੈਲੀਵਿਜ਼ਨ ਅਤੇ ਸ਼ੋਸ਼ਲ ਪਲੇਟਫ਼ਾਰਮ ਦਾਇਰਾ ਵੀ ਲਗਾਤਾਰ ਹੋਰ ਵਿਸ਼ਾਲਤਾ ਭਰਿਆ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਓਧਰ ਉਕਤ ਸ਼ੋਅ ਦਾ ਹਿੱਸਾ ਬਣੀ ਅਦਾਕਾਰਾ ਮਨੀਸ਼ਾ ਰਾਣੀ ਦੀ ਗੱਲ ਕਰੀਏ ਤਾਂ ‘ਬਿੱਗ ਬੌਸ ਸੀਜ਼ਨ 17’ ਦੇ ਅਤਿ ਪ੍ਰਭਾਵੀ ਪ੍ਰਤੀਭਾਗੀ ਵਜੋਂ ਅਪਣੀ ਧਾਂਕ ਜਮਾਉਣ ‘ਚ ਸਫ਼ਲ ਰਹੀ ਇਹ ਬਿਹਤਰੀਨ ਅਦਾਕਾਰਾ, ਜਿਸ ਦੀ ਚੁਲਬੁਲੀ-ਨਟਖਟ ਅਤੇ ਸਾਦਗੀ ਭਰੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ।
ਸੰਖੇਪ: ਮਨੀਸ਼ਾ ਰਾਣੀ ਹੁਣ ਸਰਗੁਣ ਮਹਿਤਾ ਦੇ ਨਵੇਂ ਟੀਵੀ ਸ਼ੋਅ ਵਿੱਚ ਨਜ਼ਰ ਆਵੇਗੀ। ਇਹ ਸ਼ੋਅ ਜਲਦ ਟੈਲੀਵਿਜ਼ਨ ‘ਤੇ ਸ਼ੁਰੂ ਹੋਣ ਜਾ ਰਿਹਾ ਹੈ।