19 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਬੌਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਡਰਾਵਣੀ ਤੇ ਕਾਮੇਡੀ ਭਰਪੂਰ ਫ਼ਿਲਮ ‘ਭੂਤ ਬੰਗਲਾ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫ਼ਿਲਮ ਰਾਹੀਂ ਅਕਸ਼ੈ ਕੁਮਾਰ ਅਤੇ ਪ੍ਰਿਯਦਰਸ਼ਨ ਨੇ 15 ਸਾਲ ਬਾਅਦ ਦੁਬਾਰਾ ਇਕੱਠਿਆਂ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2010 ’ਚ ਉਨ੍ਹਾਂ ਨੇ ਸਿਆਸਤ ’ਤੇ ਵਿਅੰਗ ਕਸਣ ਵਾਲੀ ਫ਼ਿਲਮ ‘ਖੱਟਾ-ਮੀਠਾ’ ਵਿੱਚ ਇਕੱਠੇ ਕੰਮ ਕੀਤਾ ਸੀ। ਇਸ ਫ਼ਿਲਮ ’ਚ ਅਦਾਕਾਰਾ ਵਾਮਿਕਾ ਗੱਬੀ ਵੀ ਹੈ। ਫ਼ਿਲਮ ‘ਭੂਤ ਬੰਗਲਾ’ ਸ਼ੋਭਾ ਕਪੂਰ ਅਤੇ ਏਕਤਾ ਆਰ ਕਪੂਰ ਦੇ ‘ਬਾਲਾਜੀ ਟੈਲੀਫ਼ਿਲਮਜ਼’ ਅਤੇ ਅਕਸ਼ੈ ਦੀ ‘ਕੇਪ ਆਫ਼ ਗੁੱਡ ਫ਼ਿਲਮਜ਼’ ਨੇ ਤਿਆਰ ਕੀਤੀ ਹੈ। ਅਦਾਕਾਰ ਅਕਸ਼ੈ ਕੁਮਾਰ ਨੇ ਆਪਣੇ ‘ਐਕਸ’ ਅਕਾਊਂਟ ’ਤੇ ਫ਼ਿਲਮ ਸਬੰਧੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਅਕਸ਼ੈ ਕੁਮਾਰ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਝਰਨੇ ਹੇਠ ਵਾਮਿਕਾ ਗੱਬੀ ਨਾਲ ਬਣਾਈ ਗਈ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਦੀ ਕੈਪਸ਼ਨ ’ਚ ਅਕਸ਼ੈ ਕੁਮਾਰ ਨੇ ਲਿਖਿਆ,‘ ‘ਭੂਤ ਬੰਗਲਾ’ ਫ਼ਿਲਮ ਦੀ ਸਮਾਪਤੀ! ਪ੍ਰਿਯਦਰਸ਼ਨ ਨਾਲ ਕਾਮੇਡੀ ਫ਼ਿਲਮਾਂ ਸਬੰਧੀ ਸੱਤਵਾਂ ਤਜਰਬਾ, ਏਕਤਾ ਕਪੂਰ ਨਾਲ ਦੂਜੀ ਅਤੇ ਹਮੇਸ਼ਾ ਹੈਰਾਨ ਕਰ ਦੇਣ ਵਾਲੀ ਵਾਮਿਕਾ ਨਾਲ ਪਹਿਲਾ ਪਰ ਆਖ਼ਰੀ ਨਾ ਹੋਣ ਵਾਲਾ ਸਫ਼ਰ! ਪਾਗਲਪਨ, ਜਾਦੂ ਅਤੇ ਯਾਦਾਂ ਲਈ ਧੰਨਵਾਦ।’ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਪ੍ਰਿਯਦਰਸ਼ਨ ਨਾਲ ਬਹੁਤ ਸਾਰੀਆਂ ਹਿੱਟ ਕਾਮੇਡੀ ਫ਼ਿਲਮਾਂ, ‘ਹੇਰਾ ਫੇਰੀ’, ‘ਗਰਮ ਮਸਾਲਾ’, ‘ਭੂਲ ਭੁਲੱਈਆ’ ਅਤੇ ‘ਭਾਗਮ ਭਾਗ’ ਵਿੱਚ ਕੰਮ ਕੀਤਾ ਹੈ। ਅਕਸ਼ੈ ਕੁਮਾਰ ਨੇ ਦਸੰਬਰ ਵਿੱਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਫ਼ਿਲਮ ਵਿੱਚ ਪਰੇਸ਼ ਰਾਵਲ, ਤੱਬੂ, ਅਸਰਾਨੀ, ਰਾਜਪਾਲ ਯਾਦਵ, ਅਤੇ ਜਿਸ਼ੂ ਸੇਨਗੁਪਤਾ ਨੇ ਵੀ ਕੰਮ ਕੀਤਾ ਹੈ। ਇਹ ਅਗਲੇ ਸਾਲ 2 ਅਪਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਸੰਖੇਪ: ਅਕਸ਼ੈ ਕੁਮਾਰ ਨੇ ਆਪਣੀ ਨਵੀਂ ਫਿਲਮ ‘ਭੂਤ ਬੰਗਲਾ’ ਦੀ ਸ਼ੂਟਿੰਗ ਸਫਲਤਾਪੂਰਕ ਮੁਕੰਮਲ ਕਰ ਲਈ ਹੈ, ਜੋ ਜਲਦ ਹੀ ਰਿਲੀਜ਼ ਹੋਵੇਗੀ।