08 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਵੀ ਲਗਾਤਾਰ ਸਫ਼ਲਤਾ ਹਾਸਿਲ ਕਰਨ ਵੱਲ ਵੱਧ ਰਹੀ ਅਦਾਕਾਰਾ ਸੋਨਮ ਬਾਜਵਾ ਦੀ ਨਵੀਂ ਹਿੰਦੀ ਫ਼ਿਲਮ ‘ਦੀਵਾਨੀਅਤ’ ਇੰਨੀ-ਦਿਨੀ ਸਿਨੇਮਾਂ ਗਲਿਆਰਿਆ ਵਿੱਚ ਕਾਫ਼ੀ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਇਹ ਫਿਲਮ ਮੁੰਬਈ ਵਿਖੇ ਸ਼ੂਰੂਆਤੀ ਪੜਾਅ ਤੋਂ ਬਾਅਦ ਅਗਲੇ ਸ਼ਡਿਊਲ ਅਧੀਨ ਚੰਡੀਗੜ੍ਹ ਵਿਖੇ ਫਿਲਮਾਂਈ ਜਾ ਰਹੀ ਹੈ, ਜਿਸ ਸਬੰਧਤ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨੂੰ ਤੇਜ਼ੀ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਵਿਕਿਰ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਮਿਲਾਪ ਮਿਲਾਨ ਜ਼ਾਵੇਰੀ ਕਰ ਰਹੇ ਹਨ, ਜੋ ਹਿੰਦੀ ਸਿਨੇਮਾ ਦੀਆਂ ਸਫ਼ਲ ਸ਼ਖਸੀਅਤਾਂ ਵਿੱਚ ਸ਼ਾਮਲ ਹਨ ਅਤੇ ਕਈ ਸੁਪਰਹਿੱਟ ਫਿਲਮਾਂ ਦਾ ਲੇਖ਼ਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ। ਰੋਮਾਂਟਿਕ ਕਹਾਣੀ-ਸਾਰ ਅਤੇ ਸੰਗ਼ੀਤਮਈ ਥੀਮ ਅਧਾਰਿਤ ਇਸ ਫ਼ਿਲਮ ਦੁਆਰਾ ਸੋਨਮ ਬਾਜਵਾ ਅਤੇ ਹਰਸ਼ਵਰਧਨ ਰਾਣੇ ਪਹਿਲੀ ਵਾਰ ਇਕੱਠਿਆ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਸੋਨਮ ਬਾਜਵਾ ਅਤੇ ਹਰਸ਼ਵਰਧਨ ਰਾਣੇ ਇਸ ਫ਼ਿਲਮ ਵਿੱਚ ਲੀਡ ਜੋੜੀ ਵਜੋ ਨਜ਼ਰ ਆਉਣਗੇ।
ਮੁੰਬਈ ਦੇ ਮਸ਼ਹੂਰ ਸੈਲਾਨੀ ਸਥਲ ਬਾਂਦਰਾ ਫੋਰਟ ‘ਚ ਫਿਲਮਾਂਏ ਗਏ ਕੁਝ ਦ੍ਰਿਸ਼ਾਂ ਅਧੀਨ ਸ਼ੁਰੂਆਤੀ ਪੜਾਅ ਵੱਲ ਵਧਾਈ ਗਈ ਇਸ ਫ਼ਿਲਮ ਦਾ ਅਗਲਾ ਸ਼ੂਟ ਜਲਦ ਹੀ ਚੰਡੀਗੜ੍ਹ ਵਿਖੇ ਸ਼ੁਰੂ ਕੀਤੇ ਜਾਣ ਦੀ ਸੰਭਾਵਨਾਂ ਹੈ, ਜਿਸ ਸਬੰਧਤ ਲੋਕੋਸ਼ਨਜ ਰੇਕੀ ਕੀਤੇ ਜਾਣ ਦੀ ਕਵਾਇਦ ਲੇਖ਼ਕ ਅਤੇ ਨਿਰਦੇਸ਼ਕ ਮਿਲਨ ਜ਼ਾਵੇਰੀ ਦੁਆਰਾ ਪੂਰੀ ਕਰ ਲਈ ਗਈ ਹੈ। ਇਸ ਸਬੰਧੀ ਮਿਲੀ ਕੁਝ ਹੋਰ ਜਾਣਕਾਰੀ ਅਨੁਸਾਰ ਇਸ ਫ਼ਿਲਮ ਦਾ ਕੁਝ ਹਿੱਸਾ ਖਾਸ ਯੂਨਾਈਟਿਡ ਕਿੰਗਡਮ ਵਿਖੇ ਵੀ ਫ਼ਿਲਮਬਧ ਕੀਤਾ ਜਾਵੇਗਾ, ਜਿਸ ਲਈ ਸਬੰਧਤ ਟੀਮ ਲੰਡਨ ਪੁੱਜ ਚੁੱਕੀ ਹੈ
ਓਧਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਦੇ ਦਿਨਾਂ ਵਿੱਚ ‘ਗੋਡੇ ਗੋਡੇ ਚਾਅ 2’ ਦੀ ਸ਼ੂਟਿੰਗ ਸੰਪੂਰਨ ਕਰ ਚੁੱਕੀ ਅਦਾਕਾਰਾ ਸੋਨਮ ਬਾਜਵਾ ਆਉਣ ਵਾਲੇ ਦਿਨਾਂ ਵਿੱਚ ਕਈ ਹਿੰਦੀ ਫਿਲਮਾਂ ਵਿੱਚ ਆਪਣੀ ਉਪ-ਸਥਿਤੀ ਦਰਜ਼ ਕਰਵਾਉਣ ਜਾ ਰਹੀ ਹੈ, ਜਿੰਨ੍ਹਾਂ ਵਿੱਚ ਟਾਈਗਰ ਸ਼ਰਾਫ ਨਾਲ ਲੀਡ ਭੂਮਿਕਾ ਵਿੱਚ ‘ਬਾਗੀ 4’ ਤੋਂ ਇਲਾਵਾ ਸਾਜਿਦ ਨਾਢਿਆਡਵਾਲਾ ਦੀ ਮਲਟੀ-ਸਟਾਰਰ ਹਿੰਦੀ ਫ਼ਿਲਮ ‘ਹਾਊਸਫੁੱਲ 5’ ਵੀ ਸ਼ਾਮਿਲ ਹੈ, ਜਿਸ ਵਿੱਚ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ, ਫਰਦੀਨ ਖਾਨ, ਦੀਨੋ ਮਾਰਿਆ, ਜੈਕਲਿਨ ਫਰਨਾਂਡਿਸ ਆਦਿ ਸ਼ਾਮਿਲ ਹਨ।
ਸੰਖੇਪ: ਸੋਨਮ ਬਾਜਵਾ ਬਾਲੀਵੁੱਡ ਫਿਲਮ ਵਿੱਚ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਮੁੰਬਈ ਤੋਂ ਬਾਅਦ ਚੰਡੀਗੜ੍ਹ ਵਿੱਚ ਹੋਵੇਗੀ।