08 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਅੱਜ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮਾਮਲੇ ਨੂੰ ਲੈ ਕੇ ਭਾਖੜਾ ਨੰਗਲ ਡੈਮ ਵੱਲ ਰਵਾਨਾ ਹੋ ਗਏ ਹਨ। ਖ਼ਬਰ ਲਿਖਣ ਤੱਕ ਉਹ ਡੈਮ ਦੇ ਨੇੜੇ ਪਹੁੰਚ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਈਕੋਰਟ ਦੇ ਫ਼ੈਸਲੇ ਮਗਰੋਂ ਹਰਿਆਣਾ ਨੂੰ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਣ ਦੇ ਮਕਸਦ ਨਾਲ ਚੇਅਰਮੈਨ ਡੈਮ ‘ਤੇ ਪਹੁੰਚ ਰਹੇ ਹਨ। ਅੱਜ ਸਵੇਰੇ ਵਖ਼ਤ ਹੀ ਚੇਅਰਮੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਨੂੰ ਆਪਣੇ ਇਸ ਦੌਰੇ ਤੋਂ ਜਾਣੂੰ ਕਰਵਾਇਆ ਸੀ।
ਚੇਅਰਮੈਨ ਦੇ ਇਸ ਦੌਰੇ ਦੀ ਭਿਣਕ ਮਿਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨੰਗਲ ਡੈਮ ‘ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਹੈ। ਇਸ ਵੇਲੇ ਜਦੋਂ ਕੌਮਾਂਤਰੀ ਪੱਧਰ ‘ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਬੀਬੀਐਮਬੀ ਦੇ ਚੇਅਰਮੈਨ ਨੇ ਨੰਗਲ ਡੈਮ ਦਾ ਦੌਰਾ ਬਣਾ ਕੇ ਪੰਜਾਬ ‘ਚ ਮੁੜ ਸਿਆਸੀ ਉਬਾਲ ਦਾ ਮੁੱਢ ਬੰਨ੍ਹ ਦਿੱਤਾ ਹੈ।
ਸੰਖੇਪ: BBMB ਪਾਣੀ ਵਿਵਾਦ ਨੂੰ ਲੈ ਕੇ ਚੇਅਰਮੈਨ ਡੈਮ ‘ਤੇ ਪਹੁੰਚੇ ਅਤੇ ਗੇਟ ਖੋਲ੍ਹਣ ਦੀ ਕਾਰਵਾਈ ਦੀ ਅਗਵਾਈ ਕੀਤੀ।