07 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਵੱਲੋਂ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਦਹਿਸ਼ਤੀ ਟਿਕਾਣਿਆਂ (Air strike) ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ‘ਅਪਰੇਸ਼ਨ ਸਿੰਦੂਰ’ (Operation Sindoor) ਤਹਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾਂ ਬਣਾਇਆ ਗਿਆ।
ਇਕਦਮ ਹੋਈ ਇਸ ਕਾਰਵਾਈ ਪਿੱਛੋਂ ਪਾਕਿਸਤਾਨ ਦਹਿਸ਼ਤ ਵਿਚ ਹੈ। ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ‘ਤੇ ਰਾਤ ਭਰ ਗੋਲੀਬਾਰੀ ਕੀਤੀ। ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਉਤੇ ਪਾਕਿਸਤਾਨੀ ਫੌਜਾਂ ਵੱਲੋਂ ਰਾਤ ਭਰ ਕੀਤੀ ਗਈ ਭਾਰੀ ਗੋਲੀਬਾਰੀ ਵਿੱਚ 10 ਨਾਗਰਿਕ ਮਾਰੇ ਗਏ ਅਤੇ 20 ਜ਼ਖਮੀ ਹੋਏ ਹਨ। ਰੱਖਿਆ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਟਿਕਾਣਿਆਂ ਉਤੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਪਾਕਿਸਤਾਨੀ ਫੌਜ ਵੱਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵੀ ਗੋਲਾਬਾਰੀ ਦਾ ਮੋੜਵਾਂ ਜਵਾਬ ਦੇ ਰਹੀ ਹੈ। ਗੋਲੀਬਾਰੀ ਵਿੱਚ ਦੋ ਸੀਆਰਪੀਐਫ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਦੀ ਹਾਲਤ ਸਥਿਰ ਹੈ।
ਅਧਿਕਾਰੀਆਂ ਨੇ ਕਿਹਾ, “ਇੱਕ ਗੋਲਾ ਬੱਸ ਸਟੈਂਡ ਉਤੇ ਡਿੱਗਿਆ, ਜਿਸ ਨਾਲ ਇਕ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ।” ਸੂਤਰਾਂ ਨੇ ਦੱਸਿਆ ਕਿ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਸਾਹਮਣੇ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੀਆਂ ਚੌਕੀਆਂ ਤੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿੱਚ 10 ਨਾਗਰਿਕਾਂ ਦੀ ਜਾਨ ਚਲੀ ਗਈ।
ਅਧਿਕਾਰੀਆਂ ਨੇ ਹੁਕਮ ਦਿੱਤੇ ਹਨ ਕਿ ਜੰਮੂ ਖੇਤਰ ਦੇ ਪੰਜ ਸਰਹੱਦੀ ਜ਼ਿਲ੍ਹਿਆਂ ਵਿੱਚ ਸਾਰੇ ਵਿਦਿਅਕ ਅਦਾਰੇ ਬੁੱਧਵਾਰ ਨੂੰ ਬੰਦ ਰਹਿਣਗੇ। “ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਜੰਮੂ, ਸਾਂਬਾ, ਕਠੂਆ, ਰਾਜੌਰੀ ਅਤੇ ਪੁੰਛ ਦੇ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ ਅੱਜ ਬੰਦ ਰਹਿਣਗੀਆਂ।’’ ਮਨਕੋਟ ਤੋਂ ਇਲਾਵਾ ਸਰਹੱਦ ਪਾਰੋਂ ਪੁੰਛ ਦੇ ਕ੍ਰਿਸ਼ਨਾ ਘਾਟੀ ਅਤੇ ਸ਼ਾਹਪੁਰ ਸੈਕਟਰਾਂ, ਜੰਮੂ ਖੇਤਰ ਦੇ ਰਾਜੌਰੀ ਜ਼ਿਲ੍ਹੇ ਦੇ ਲਾਮ, ਮੰਜਾਕੋਟ ਅਤੇ ਗੰਭੀਰ ਬ੍ਰਾਹਮਣਾ ਅਤੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਦੇ ਕਰਨਾਹ ਅਤੇ ਉੜੀ ਸੈਕਟਰਾਂ ਵਿੱਚ ਭਾਰੀ ਗੋਲਾਬਾਰੀ ਦੀਆਂ ਰਿਪੋਰਟਾਂ ਮਿਲੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਦੀ ਰਾਖੀ ਕਰ ਰਹੇ ਭਾਰਤੀ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਆਖਰੀ ਰਿਪੋਰਟਾਂ ਮਿਲਣ ਤੱਕ ਦੋਵਾਂ ਪਾਸਿਆਂ ਵਿਚਕਾਰ ਸਰਹੱਦ ਪਾਰ ਗੋਲੀਬਾਰੀ ਜਾਰੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਗੋਲਾਬਾਰੀ ਕਾਰਨ ਲੋਕਾਂ ਨੂੰ ਭੂਮੀਗਤ ਬੰਕਰਾਂ ਵਿੱਚ ਪਨਾਹ ਲੈਣੀ ਪਈ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵਧੇ ਤਣਾਅ ਦੇ ਵਿਚਕਾਰ ਜੰਮੂ-ਕਸ਼ਮੀਰ ਵਿੱਚ ਸਰਹੱਦ ‘ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਦੀ ਇਹ ਲਗਾਤਾਰ 13ਵੀਂ ਰਾਤ ਸੀ।
ਸੰਖੇਪ: ਪਾਕਿਸਤਾਨੀ ਫੌਜ ਵੱਲੋਂ ਸਰਹੱਦ ‘ਤੇ ਕੀਤੀ ਗਈ ਫਾਇਰਿੰਗ ਦੌਰਾਨ 10 ਭਾਰਤੀ ਨਾਗਰਿਕ ਮਾਰੇ ਗਏ ਹਨ ਜਦਕਿ 20 ਹੋਰ ਜ਼ਖਮੀ ਹੋਏ ਹਨ।