02 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਵਿਚ ਮੌਸਮ ਇਕਦਮ ਬਦਲ ਗਿਆ ਹੈ। ਕੱਲ੍ਹ ਸ਼ਾਮ ਤੋਂ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟੇ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਪਟਿਆਲਾ ਸਣੇ ਕਈ ਜ਼ਿਲ੍ਹਿਆਂ ਵਿਚ ਰਾਤ ਆਏ ਜ਼ੋਰਦਾਰ ਝੱਖੜ ਅਤੇ ਮਗਰੋਂ ਗੜੇਮਾਰੀ ਕਾਰਨ ਕਈ ਥਾਵਾਂ ਉਤੇ ਪਾਣੀ ਖੜ੍ਹ ਗਿਆ ਹੈ। ਕੁਝ ਥਾਵਾਂ ਉਤੇ ਛੱਤਾਂ ’ਤੇ ਲੱਗੇ ਸੋਲਰ ਪੈਨਲਾਂ ਨੂੰ ਵੀ ਨੁਕਸਾਨ ਪਹੁੰਚਿਆ। ਤੇਜ਼ ਰਫ਼ਤਾਰ ਹਵਾਵਾਂ ਨੇ ਬਾਗਬਾਨੀ ਦੀ ਫ਼ਸਲ, ਖਾਸ ਕਰਕੇ ਅੰਬ, ਨਿੰਬੂ ਅਤੇ ਅਮਰੂਦ ਨੂੰ ਨੁਕਸਾਨ ਪਹੁੰਚਾਇਆ ਹੈ। ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਾਰਸ਼ ਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ 5 ਮਈ, 2025 ਤੱਕ ਤੇਜ਼ ਹਵਾਵਾਂ (40-60 ਕਿਲੋਮੀਟਰ ਪ੍ਰਤੀ ਘੰਟਾ), ਬਿਜਲੀ ਅਤੇ ਧੂੜ ਭਰੇ ਤੂਫ਼ਾਨ ਦੀ ਸੰਭਾਵਨਾ ਹੈ।
ਦਿੱਲੀ-ਐਨਸੀਆਰ ਵਿਚ ਸਵੇਰ ਤੋਂ ਹੀ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ। ਹਵਾ ਦੀ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੇਖੀ ਗਈ। ਕਈ ਥਾਵਾਂ ‘ਤੇ ਪਾਣੀ ਭਰਨ ਕਾਰਨ ਅੱਜ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਰਸਤੇ ਵਿੱਚ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਸਵੇਰੇ ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ, ਇਹ ਮੀਂਹ ਮੁਸੀਬਤ ਵੀ ਲੈ ਕੇ ਆਇਆ। ਕੁਝ ਥਾਵਾਂ ਉਤੇ ਗੜੇ ਵੀ ਪਏ ਹਨ। ਕਈ ਥਾਵਾਂ ‘ਤੇ ਦਰੱਖਤ ਡਿੱਗ ਗਏ ਹਨ, ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਜਾਫ਼ਰਪੁਰ ਕਲਾਂ ਇਲਾਕੇ ਵਿੱਚ ਤੂਫ਼ਾਨ ਕਾਰਨ ਇੱਕ ਘਰ ਦੇ ਢਹਿ ਗਿਆ। ਇਸ ਵਿੱਚ ਤਿੰਨ ਲੋਕਾਂ ਦੇ ਦੱਬੇ ਹੋਣ ਦੀ ਖ਼ਬਰ ਹੈ। ਦਿੱਲੀ ਦੇ ਛਾਵਲਾ ਇਲਾਕੇ ਵਿੱਚ ਇੱਕ ਘਰ ‘ਤੇ ਦਰੱਖਤ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮਾਰੇ ਗਏ ਲੋਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਸ ਵੇਲੇ ਦਿੱਲੀ ਹਵਾਈ ਅੱਡੇ ‘ਤੇ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ।
ਆਈਐਮਡੀ ਨੇ ਦਿੱਲੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਆਈਐਮਡੀ ਨੇ ਸਲਾਹ ਦਿੱਤੀ ਹੈ ਕਿ ਘਰਾਂ ਦੇ ਅੰਦਰ ਰਹੋ, ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ ਅਤੇ ਜੇ ਸੰਭਵ ਹੋਵੇ ਤਾਂ ਯਾਤਰਾ ਕਰਨ ਤੋਂ ਬਚੋ।
ਦਿੱਲੀ ਦੇ ਪਾਲਮ ਵਿੱਚ 74 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਦਿੱਲੀ ਵਿੱਚ ਮੀਂਹ ਅਤੇ ਤੂਫ਼ਾਨ ਦਾ ਵੀ ਉਡਾਣਾਂ ‘ਤੇ ਅਸਰ ਪਿਆ ਹੈ। ਦਿੱਲੀ-ਐਨਸੀਆਰ ਵਿੱਚ ਖਰਾਬ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ ਕੁਝ ਨੂੰ ਮੋੜ ਦਿੱਤਾ ਗਿਆ ਹੈ। ਏਅਰਲਾਈਨ ਨੇ ਇਸ ਸਬੰਧ ਵਿੱਚ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਸੰਖੇਪ: IMD ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਤੂਫਾਨ ਅਤੇ ਮੀਂਹ ਕਾਰਨ 4 ਮੌਤਾਂ ਹੋਈਆਂ ਹਨ। ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।