18 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਜਿਆਦਾ ਕਾਰਜਸ਼ੀਲ ਹੋ ਚੁੱਕੇ ਅਦਾਕਾਰ ਐਮੀ ਵਿਰਕ ਬਤੌਰ ਗਾਇਕ ਇੱਕ ਵਾਰ ਮੁੜ ਸੰਗੀਤਕ ਗਲਿਆਰਿਆਂ ਵਿੱਚ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜੋ ਅਪਣੀ ਨਵੀਂ ਐਲਬਮ ‘ਰਾਈਜ਼ ਐਂਡ ਥ੍ਰਾਈਵ’ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ।
“ਵਾਈਟ ਹਿੱਲ ਮਿਊਜ਼ਿਕ” ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਐਲਬਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੰਘ ਸਿੱਧੂ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਪੁਰਾਤਨ ਅਤੇ ਆਧੁਨਿਕ ਸੰਗੀਤ ਦੀ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਐਲਬਮ, ਜਿਸ ਦੇ ਆਡਿਓ ਅਤੇ ਵੀਡੀਓ ਰੂਪ ਵਿੱਚ ਐਮੀ ਵਿਰਕ ਦੀ ਸ਼ਾਨਦਾਰ ਗਾਇਕੀ ਦੇ ਕਈ ਰੰਗ ਵੇਖਣ ਅਤੇ ਸੁਣਨ ਨੂੰ ਮਿਲਣਗੇ।
ਜ਼ਿੰਦਗੀ ਨੂੰ ਜਿੰਦਾਦਿਲੀ ਨਾਲ ਜਿਉਣ ਦੀ ਪ੍ਰੇਰਣਾ ਦਿੰਦੀ ਉਕਤ ਐਲਬਮ ਸੰਬੰਧਤ ਮਿਊਜ਼ਿਕ ਵੀਡੀਓਜ਼ ਨੂੰ ਵੀ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਜਾ ਰਿਹਾ ਹੈ, ਜਿੰਨ੍ਹਾਂ ਵਿੱਚ ਐਮੀ ਵਿਰਕ ਵੱਲੋਂ ਸ਼ਾਨਦਾਰ ਫੀਚਰਿੰਗ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਹਾਲ ਹੀ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਅਤੇ ਵਿੱਕੀ ਕੌਸ਼ਲ ਸਟਾਰਰ ਹਿੰਦੀ ਫਿਲਮ ‘ਬੈਡ ਨਿਊਜ਼’ ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ ਨਾਭੇ ਦੇ ਰਹਿਣ ਵਾਲੇ ਇਹ ਬਾਕਮਾਲ ਅਦਾਕਾਰ ਅਤੇ ਉਮਦਾ ਗਾਇਕ, ਜੋ ਅੱਜਕੱਲ੍ਹ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਵਿੱਚ ਵੀ ਬਰਾਬਰਤਾ ਨਾਲ ਅਪਣੇ ਕਦਮ ਅੱਗੇ ਵਧਾ ਰਹੇ ਹਨ, ਜਿੰਨ੍ਹਾਂ ਦੇ ਮੁੰਬਈ ਮਾਇਆਨਗਰੀ ‘ਚ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਦਾਇਰੇ ਦਾ ਇਜ਼ਹਾਰ ਆਗਾਮੀ ਦਿਨੀਂ ਸਾਹਮਣੇ ਆਉਣ ਵਾਲੀਆ ਕੁਝ ਹੋਰ ਬਾਲੀਵੁੱਡ ਫਿਲਮਾਂ ਵੀ ਕਰਵਾਉਣਗੀਆਂ।
ਅਦਾਕਾਰੀ ਦੇ ਨਾਲ-ਨਾਲ ਨਿਰਮਾਤਾ ਦੇ ਰੂਪ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ ਇਹ ਹੋਣਹਾਰ ਅਦਾਕਾਰ, ਜਿੰਨ੍ਹਾਂ ਦੀਆਂ ਅਗਾਮੀ ਦਿਨੀਂ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਵਿੱਚ ‘ਨਿੱਕਾ ਜ਼ੈਲਦਾਰ 4’ ਤੋਂ ਇਲਾਵਾ ‘ਗੋਡੇ ਗੋਡੇ ਚਾਅ 2’ ਸ਼ੁਮਾਰ ਹਨ, ਜੋ ਤੇਜ਼ੀ ਨਾਲ ਸੰਪੂਰਨਤਾ ਪੜ੍ਹਾਅ ਵੱਲ ਵੱਧ ਰਹੀਆਂ ਹਨ।
ਸੰਖੇਪ: ਐਮੀ ਵਿਰਕ ਨੇ ਕਾਫੀ ਸਮੇਂ ਦੀ ਰੁਕਾਵਟ ਤੋਂ ਬਾਅਦ ਸੰਗੀਤਕ ਪੜਾਅ ‘ਚ ਵਾਪਸੀ ਕਰਦਿਆਂ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ।