17 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬੀ ਸਿਨੇਮਾ ਦੇ ਮੁਹਾਂਦਰੇ ਨੂੰ ਪ੍ਰਭਾਵੀ ਰੂਪ ਅਤੇ ਨਿਵੇਕਲੇ ਰੰਗ ਦੇ ਰਹੇ ਸਿਨੇਮਾ-ਕਲਾਕਾਰਾਂ ਵਿੱਚੋਂ ਇੱਕ ਮੋਹਰੀ ਨਾਂਅ ਵਜੋਂ ਅਪਣਾ ਵਜ਼ੂਦ ਸਥਾਪਿਤ ਕਰਦੀ ਜਾ ਰਹੀ ਹੈ ਬਹੁ-ਪੱਖੀ ਅਦਾਕਾਰਾ ਕੁੱਲ ਸਿੱਧੂ, ਜਿੰਨ੍ਹਾਂ ਵੱਲੋਂ ਕਲਾ ਅਤੇ ਵਪਾਰਕ ਸਿਨੇਮਾ ਵਿੱਚ ਬਰਾਬਰਤਾ ਨਾਲ ਅੰਜ਼ਾਮ ਦਿੱਤੀਆਂ ਜਾ ਰਹੀਆਂ ਨਾਯਾਬ ਕੋਸ਼ਿਸਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ ‘ਗੈਂਗਲੈਂਡ’, ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
‘ਗੀਤ ਐਮਪੀ3’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਐਕਸ਼ਨ ਡ੍ਰਾਮੈਟਿਕ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਸੇਵਿਓ ਸੰਧੂ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿਹਤਰੀਨ ਸਿਨੇਮਾ ਸਾਂਚੇ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਸਿੱਪੀ ਗਿੱਲ, ਨਿਸ਼ਾਨ ਭੁੱਲਰ, ਹਰਫ਼ ਚੀਮਾ, ਵੱਡਾ ਗਰੇਵਾਲ ਅਤੇ ਧੀਰਜ ਕੁਮਾਰ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ, ਜਿੰਨ੍ਹਾਂ ਸਾਰਿਆਂ ਦੀ ਸ਼ਾਨਦਾਰ ਸਕਰੀਨ ਮੌਜ਼ੂਦਗੀ ਨਾਲ ਸਜੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ ਅਦਾਕਾਰਾ ਕੁੱਲ ਸਿੱਧੂ, ਜੋ ਇਕ ਵਾਰ ਫਿਰ ਚੁਣੌਤੀਪੂਰਨ ਰੋਲ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਵੇਗੀ।
ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਮਝੈਲ ਦਾ ਵੀ ਸ਼ਾਨਦਾਰ ਹਿੱਸਾ ਰਹੀ ਹੈ ਇਹ ਪ੍ਰਤਿਭਾਵਾਨ ਅਦਾਕਾਰਾ, ਜਿੰਨ੍ਹਾਂ ਵੱਲੋਂ ਇਸ ਫਿਲਮ ਵਿੱਚ ਅਦਾ ਕੀਤੇ ਵੈਲਣ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ। ਰੰਗਮੰਚ ਦੀ ਦੁਨੀਆ ਦਾ ਮਾਣਮੱਤਾ ਚਿਹਰਾ ਰਹੀ ਇਸ ਹੋਣਹਾਰ ਅਦਾਕਾਰਾ ਸਿੱਧੂ ਰਾਸ਼ਟਰੀ ਫਿਲਮ ਪੁਰਸਕਾਰ ਜੇਤੂ ਪੰਜਾਬੀ ਫਿਲਮ ‘ਅੰਨ੍ਹੇ ਘੋੜੇ ਦਾ ਦਾਨ’ (2011) ਦਾ ਵੀ ਕਾਫ਼ੀ ਖਾਸ ਹਿੱਸਾ ਰਹੀ ਹੈ, ਜਿਸ ਵਿੱਚ ਆਰਥਿਕ ਅਤੇ ਸਮਾਜਿਕ ਮੁਸ਼ਕਲਾਂ ‘ਚ ਘਿਰੀ ਇੱਕ ਰਿਕਸ਼ਾ ਚਾਲਕ ਦੀ ਪਤਨੀ ਦੀ ਭੂਮਿਕਾ ਨੂੰ ਬੇਹੱਦ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ।
ਇਸ ਤੋਂ ਇਲਾਵਾ ‘ਨੂਰਾਂ’ ਅਤੇ ‘ਸੁੱਤਾ ਨਾਗ’ ਜਿਹੀਆਂ ਕਈ ਆਫ ਬੀਟ ਫਿਲਮਾਂ ਵਿੱਚ ਅਪਣੀ ਬਹੁ-ਆਯਾਮੀ ਅਦਾਕਾਰੀ ਸਮਰੱਥਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੀ ਹੈ ਬਠਿੰਡਾ ਦੀ ਇਹ ਅਦਾਕਾਰਾ। ਜੋ ਓਟੀਟੀ ਫਿਲਮ ‘ਦਾਰੋ’ ਸਮੇਤ ਅਗਾਮੀ ਦਿਨੀਂ ਕਈ ਹੋਰ ਵੱਡੀਆਂ ਅਤੇ ਚਰਚਿਤ ਫਿਲਮਾਂ ਵਿੱਚ ਵੀ ਨਜ਼ਰ ਆਵੇਗੀ, ਜਿੰਨ੍ਹਾਂ ਨੂੰ ਲੈ ਕੇ ਉਹ ਖਾਸੀ ਉਤਸ਼ਾਹਿਤ ਵੀ ਨਜ਼ਰ ਆ ਰਹੀ ਹੈ।
ਸੰਖੇਪ: ਬਠਿੰਡਾ ਦੀ ਟੈਲੰਟਡ ਮੁਟਿਆਰ ਪੰਜਾਬੀ ਫਿਲਮ ਇੰਡਸਟਰੀ ‘ਚ ਛਾ ਗਈ, ਨਵੀਂ ਫਿਲਮ ਜਲਦ ਆਵੇਗੀ।