punjabi actress

10 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ‘ਰੱਬ ਦਾ ਰੇਡੀਓ 2‘, ‘ਕਿਸਮਤ 2’, ‘ਸਤਿ ਸ੍ਰੀ ਅਕਾਲ ਇੰਗਲੈਂਡ’, ‘ਵਾਰਿਸ ਸ਼ਾਹ’ ਅਤੇ ‘ਹਸ਼ਰ’ ਵਰਗੀਆਂ ਅਨੇਕਾਂ ਹੀ ਪੰਜਾਬੀ ਫਿਲਮਾਂ ਦਾ ਹਿੱਸਾ ਰਹੀ ਅਦਾਕਾਰਾ ਸਤਵੰਤ ਕੌਰ ਨੂੰ ਅੱਜ ਜਾਣ-ਪਹਿਚਾਣ ਦੀ ਲੋੜ ਨਹੀਂ ਹੈ, ਕਿਉਂਕਿ ਅੱਜ ਅਦਾਕਾਰਾ ਪੰਜਾਬੀ ਫਿਲਮਾਂ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਤੱਕ ਆਪਣੀ ਧੱਕ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ। ਪਰ ਇਸ ਸਫ਼ਲਤਾ ਪਿੱਛੇ ਕਾਫੀ ਸੰਘਰਸ਼ ਅਤੇ ਤੰਗੀਆਂ-ਤੁਰਸ਼ੀਆਂ ਲੁਕੀਆਂ ਹੋਈਆਂ ਹਨ, ਜੋ ਯਕੀਨਨ ਹਰ ਕਿਸੇ ਲਈ ਮੁਸ਼ਕਿਲ ਹੁੰਦੀਆਂ ਹਨ।

ਜੀ ਹਾਂ…ਹੁਣ ਹਾਲ ਹੀ ਵਿੱਚ ਪੰਜਾਬੀ ਅਦਾਕਾਰਾ ਸਤਵੰਤ ਕੌਰ ਨੇ ਇੱਕ ਪੋਡਕਾਸਟ ਵਿੱਚ ਸ਼ਿਰਕਤ ਕੀਤੀ, ਜਿਸ ਵਿੱਚ ਅਦਾਕਾਰਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ, ਇਹਨਾਂ ਪਲ਼ਾਂ ਨੂੰ ਯਾਦ ਕਰਦੇ ਹੋਏ ਅਦਾਕਾਰਾ ਕਾਫੀ ਭਾਵੁਕ ਹੋ ਗਈ ਅਤੇ ਰੋਣ ਲੱਗ ਪਈ।

ਸਹੁਰੇ ਨੇ ਕੱਢ ਦਿੱਤਾ ਸੀ ਘਰੋਂ

ਇਸ ਪੂਰੇ ਮਸਲੇ ਬਾਰੇ ਗੱਲ ਕਰਦੇ ਹੋਏ ਅਦਾਕਾਰਾ ਸਤਵੰਤ ਕੌਰ ਨੇ ਪੋਡਕਾਸਟ ਦੌਰਾਨ ਦੱਸਿਆ ਕਿ ਇੱਕ ਟਾਈਮ ਉਤੇ ਆ ਕੇ ਮੇਰੇ ਸਹੁਰੇ ਸਾਹਿਬ ਨੇ ਮੈਨੂੰ ਅਤੇ ਮੇਰੇ ਪਤੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਘਰੋਂ ਨਿਕਲ ਜਾਓ, ਅਸੀਂ ਤੁਹਾਨੂੰ ਇੱਥੇ ਰੱਖ ਨਹੀਂ ਸਕਦੇ। ਫਿਰ ਅਦਾਕਾਰਾ ਨੇ ਆਪਣੇ ਪਤੀ ਨੂੰ ਕਿਹਾ ਕਿ ਮੈਂ ਇੱਥੇ ਨਹੀਂ ਰਹਿਣਾ ਅਤੇ ਅਸੀਂ ਘਰੋਂ ਚਲੇ ਗਏ। ਹਾਲਾਂਕਿ ਅਦਾਕਾਰਾ ਨੇ ਇਸ ਦਾ ਕਾਰਨ ਪਰਿਵਾਰ ਵਿੱਚ ਹੁੰਦੀਆਂ ਮਾਮੂਲੀਆਂ ਲੜਾਈਆਂ ਦੱਸੀਆਂ।

ਇਸ ਦੌਰਾਨ ਅਦਾਕਾਰਾ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਘਰੋਂ ਨਿਕਲੇ ਸਨ ਤਾਂ ਉਸ ਸਮੇਂ ਉਹਨਾਂ ਕੋਲ ਸਿਰਫ਼ 20 ਰੁਪਏ ਸਨ। ਇਸ ਸਭ ਗੱਲ ਬਾਰੇ ਦੱਸਦੇ ਹੋਏ ਅਦਾਕਾਰਾ ਕਾਫੀ ਭਾਵੁਕ ਹੋ ਗਈ। ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ 5 ਸਾਲ ਉਹ ਕਿਰਾਏ ਉਤੇ ਰਹਿੰਦੇ ਰਹੇ, ਪਰ ਕਿਸੇ ਰਿਸ਼ਤੇਦਾਰ ਨੇ ਉਹਨਾਂ ਦਾ ਹਾਲ ਨਹੀਂ ਪੁੱਛਿਆ ਅਤੇ ਇਸ ਸੰਘਰਸ਼ ਦੇ ਸਕਦਾ ਅੱਜ ਅਦਾਕਾਰਾ ਟੌਪ ਦੀਆਂ ਅਦਾਕਾਰਾ ਵਿੱਚ ਸ਼ੁਮਾਰ ਹੈ।

ਸਤਵੰਤ ਕੌਰ ਦਾ ਕਰੀਅਰ

ਉਲੇਖਯੋਗ ਹੈ ਕਿ ਅਦਾਕਾਰਾ ਸਤਵੰਤ ਕੌਰ ਨੇ ਬਤੌਰ ਮਾਡਲ ਕਾਫੀ ਜਿਆਦਾ ਸੰਗੀਤਕ ਵੀਡੀਓਜ਼ ਕੀਤੀਆਂ ਹਨ। ਪੰਜਾਬੀ ਸੰਗੀਤ ਜਗਤ ਦੇ ਸ਼ਾਨਦਾਰ ਗਾਇਕ ਗੁਰਦਾਸ ਮਾਨ ਦੀ ਐਲਬਮ ਦੇ ਹਿੱਟ ਗੀਤ ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ’ ਵਿੱਚ ਬਤੌਰ ਮਾਡਲ ਸਤਵੰਤ ਕੌਰ ਦੀ ਮਿਹਨਤ ਉਸ ਲਈ ਪਛਾਣ ਦਾ ਸਬੱਬ ਬਣੀ। ਅਦਾਕਾਰਾ ਖੁਦ ਵੀ ਕਈ ਵਾਰ ਦੱਸ ਚੁੱਕੀ ਹੈ ਕਿ ਇਸ ਗੀਤ ਰਾਹੀਂ ਹੀ ਉਸ ਨੂੰ ਵੱਡੇ ਪਰਦੇ ’ਤੇ ਬਰੇਕ ਮਿਲੀ ਹੈ। ਸਤਵੰਤ ਕੌਰ ਨੇ ਪੰਜਾਬੀ ਲੜੀਵਾਰ ਜਿਵੇਂ ‘ਭਾਗਾਂ ਵਾਲੀਆਂ’, ‘ਸੌਦੇ ਦਿਲਾਂ ਦੇ’, ‘ਚੰਨ ਚੜ੍ਹਿਆ ਸਮੁੰਦਰੋ ਪਾਰ’ ਵਿੱਚ ਵੀ ਸ਼ਾਨਦਾਰ ਕਿਰਦਾਰ ਨਿਭਾਇਆ ਹੈ।

ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ‘ਇੱਕ ਜਿੰਦ ਇੱਕ ਜਾਨ’, ‘ਦਿਲ ਆਪਣਾ ਪੰਜਾਬੀ’, ‘ਹਸ਼ਰ’, ‘ਵਾਰਿਸ ਸਾਹ’, ‘ਅੱਖੀਆਂ ਉਡੀਕ ਦੀਆਂ’, ‘ਜੱਗ ਜਿਉਂਦਿਆਂ ਦੇ ਮੇਲੇ’, ‘ਹੀਰ ਰਾਂਝਾ’, ‘ਏਕਮ’, ‘ਮਜਾਜਣ’ ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਤੋਂ ਇਲਾਵਾ ‘ਕਾਫਲਾ’, ‘ਸਿੰਘ ਇਜ ਕਿੰਗ’, ‘ਦੇਵ ਡੀ’, ‘ਫਲੈਟ ਮੂਵੀ’ ਵਰਗੀਆਂ ਹਿੰਦੀ ਫਿਲਮਾਂ ਰਾਹੀਂ ਬਾਲੀਵੁੱਡ ਦੇ ਕਈ ਵੱਡੇ ਅਦਾਕਾਰਾਂ ਨਾਲ ਸਕ੍ਰੀਨ ਸਾਂਝੀ ਕਰ ਚੁੱਕੀ ਹੈ ਇਹ ਅਦਾਕਾਰਾ। ਇਸ ਸਮੇਂ ਅਦਾਕਾਰਾ ਆਪਣੀਆਂ ਆਉਣ ਵਾਲੀਆਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ, ਜੋ ਅਗਲੇ ਦਿਨੀਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਸ ਵਿੱਚ ਸ਼ਹਿਨਾਜ਼ ਗਿੱਲ ਦੀ ਫਿਲਮ ‘ਇੱਕ ਕੁੜੀ’ ਵੀ ਸ਼ਾਮਲ ਹੈ।

ਸੰਖੇਪ: ਪਤੀ ਅਤੇ ਸਹੁਰੇ ਵੱਲੋਂ ਘਰੋਂ ਕੱਢੀ ਗਈ ਪੰਜਾਬੀ ਅਦਾਕਾਰਾ ਨੇ ਆਪਣੀ ਭਾਵੁਕ ਕਹਾਣੀ ਸਾਂਝੀ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।