29 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਮਨੋਰੰਜਨ ਇੰਡਸਟਰੀ ਵਿੱਚ ਆਉਣਾ ਹਰ ਕਲਾ ਪ੍ਰੇਮੀ ਦਾ ਇੱਕ ਵੱਡਾ ਸੁਪਨਾ ਹੁੰਦਾ ਹੈ। ਕਿਸੇ ਦੇ ਸੁਪਨੇ ਸਾਕਾਰ ਹੋਣ ਲਈ ਲੰਮਾ ਸਮਾਂ ਲੱਗਦਾ ਹੈ। ਉਸੇ ਤਰ੍ਹਾਂ ਕੁਝ ਲੋਕ ਆਪਣੇ ਸੁਪਨੇ ਬਹੁਤ ਜਲਦੀ ਪੂਰੇ ਕਰ ਲੈਂਦੇ ਹਨ, ਹਾਲਾਂਕਿ ਪੰਜਾਬੀ ਇੰਡਸਟਰੀ ‘ਚ ਕਈ ਅਜਿਹੀਆਂ ਅਦਾਕਾਰਾਂ ਹਨ, ਜੋ ਹਿੱਟ ਫਿਲਮਾਂ ਅਤੇ ਗੀਤ ਦੇਣ ਤੋਂ ਬਾਅਦ ਅਚਾਨਕ ਪੰਜਾਬੀ ਇੰਡਸਟਰੀ ਤੋਂ ਗਾਇਬ ਹੋ ਗਈਆਂ ਅਤੇ ਫਿਰ ਕਿਸੇ ਫਿਲਮ ਜਾਂ ਗੀਤ ‘ਚ ਨਜ਼ਰ ਨਹੀਂ ਆਈਆਂ। ਅੱਜ ਦੀ ਇਸ ਖਾਸ ਕਹਾਣੀ ਵਿੱਚ ਅਸੀਂ ਤੁਹਾਨੂੰ ਅਜਿਹੀ ਹੀ ਪੰਜਾਬੀ ਹਸੀਨਾ ਬਾਰੇ ਦੱਸਣ ਜਾ ਰਹੇ ਹਾਂ, ਜੋ ਪਾਲੀਵੁੱਡ ਤੋਂ ਅਚਾਨਕ ਗਾਇਬ ਹੋ ਗਈ ਸੀ।
500 ਗੀਤਾਂ ਵਿੱਚ ਕੰਮ ਕਰਨ ਵਾਲੀ ਕੌਣ ਹੈ ਇਹ ਹਸੀਨਾ
ਸਾਲ 2005-06 ਦੌਰਾਨ ਪੰਜਾਬੀ ਮਨੋਰੰਜਨ ਜਗਤ ਵਿੱਚ ਇੱਕ ਚਿਹਰਾ ਕਾਫੀ ਖਿੱਚ ਦਾ ਕੇਂਦਰ ਬਣਿਆ, ਜਿਸ ਨੇ ਆਪਣੇ ਗੀਤਾਂ ਰਾਹੀਂ ਪੰਜਾਬ ਦੇ ਘਰ-ਘਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ, ਇਹ ਚਿਹਰਾ ‘ਸੀਟੀ ਮਾਰਕੇ ਬਲਾਉਣੋਂ ਹੱਟਜਾ’ ਗੀਤ ਵਿੱਚ ਮਾਡਲ ਦੇ ਤੌਰ ਉਤੇ ਨਜ਼ਰ ਆਈ ਸਾਨੀਆ ਪੰਨੂ ਦਾ ਸੀ, ਜਿਸ ਦੇ ਇਸ ਗੀਤ ਨੇ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਪਹਿਚਾਣ ਬਣਾਈ ਹੋਈ ਹੈ। ਸਾਨੀਆ ਪੰਨੂ ਹੁਣ ਆਪਣੇ ਇੱਕ ਪੋਡਕਾਸਟ ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜੀ ਹਾਂ…ਹਾਲ ਹੀ ਵਿੱਚ ਮਾਡਲ-ਅਦਾਕਾਰਾ ਨੇ ਇੱਕ ਪੋਡਕਾਸਟ ਵਿੱਚ ਕਾਫੀ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਅਤੇ ਦੱਸਿਆ ਕਿ ਉਹ ਇੰਨੀ ਪ੍ਰਸਿੱਧ ਹੋਣ ਦੇ ਬਾਵਜੂਦ ਵੀ ਕਿੱਥੇ ਗੁੰਮ ਹੋ ਗਈ ਸੀ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਾਨੀਆ ਪੰਨੂ ਨੇ ਦੱਸਿਆ ਕਿ ਜਦੋਂ ਉਹ ਪੰਜਾਬ ਦਾ ਚਰਚਿਤ ਚਿਹਰਾ ਬਣ ਗਈ ਸੀ, ਇਸ ਤੋਂ ਬਾਅਦ ਉਸਨੇ ਆਪਣੇ ਸੁਨਹਿਰੀ ਭਵਿੱਖ ਲਈ ਮੁੰਬਈ ਜਾਣ ਦੀ ਸੋਚੀ, ਜਿਸ ਕਾਰਨ ਜੋ ਚਿਹਰਾ ਕਦੇ ਘਰ ਘਰ ਵਿੱਚ ਮਸ਼ਹੂਰ ਸੀ, ਹੁਣ ਉਹ ਚਿਹਰਾ ਮੁੰਬਈ ਜਾਣ ਕਰਕੇ ਇੰਡਸਟਰੀ ਵਿੱਚੋਂ ਗਾਇਬ ਹੋ ਗਿਆ ਸੀ। ਇਹੀ ਕਾਰਨ ਹੈ ਕਿ ਅਚਾਨਕ ਲੋਕ ਉਸਨੂੰ ਭੁੱਲ ਗਏ।
ਇਸ ਦੇ ਨਾਲ ਹੀ ਹਸੀਨਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਪੰਜਾਬੀ ਇੰਡਸਟਰੀ ਨਾਲੋਂ ਇੱਕਦਮ ਟੁੱਟ ਗਈ ਸੀ। ਉਹਨਾਂ ਦੱਸਿਆ ਕਿ ਜੇਕਰ ਤੁਸੀਂ ਕਿਸੇ ਵੀ ਇੰਡਸਟਰੀ ਵਿੱਚ ਆਪਣੀ ਚੜ੍ਹਤ ਬਣਾ ਕੇ ਰੱਖਣੀ ਹੁੰਦੀ ਹੈ ਤਾਂ ਤੁਹਾਨੂੰ ਲੋਕਾਂ ਲਈ ਸਮੇਂ ਸਮੇਂ ਉਤੇ ਕੁੱਝ ਕਰਦੇ ਰਹਿਣਾ ਪੈਂਦਾ ਹੈ ਤਾਂ ਕਿ ਉਹ ਚੜ੍ਹਤ ਬਰਕਰਾਰ ਰਹੇ। ਇਸ ਦੇ ਨਾਲ ਹੀ ਮਾਡਲ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੇ ਪੰਜਾਬੀ ਸੰਗੀਤ ਜਗਤ ਨੂੰ 500 ਤੋਂ ਜਿਆਦਾ ਗੀਤ ਦਿੱਤੇ ਹਨ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਹੁਣ ਇਹ ਹਸੀਨਾ ਦੁਬਾਰਾ ਪੰਜਾਬੀ ਮਨੋਰੰਜਨ ਇੰਡਸਟਰੀ ਵਿੱਚ ਸਰਗਰਮ ਹੋ ਗਈ ਹੈ, ਜਿੰਨ੍ਹਾਂ ਦੇ ਆਉਣ ਵਾਲੇ ਦਿਨਾਂ ਵਿੱਚ ਕਈ ਤਰ੍ਹਾਂ ਦੇ ਪ੍ਰੋਜੈਕਟ ਸਾਹਮਣੇ ਆਉਣਗੇ।
ਸਾਨੀਆ ਪੰਨੂ ਦਾ ਵਰਕਫਰੰਟ
ਇਸ ਦੌਰਾਨ ਜੇਕਰ ਸਾਨੀਆ ਪੰਨੂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀ ਆਉਣ ਵਾਲੀ ਨਵੀਂ ਫਿਲਮ ‘ਉੱਡਣਾ ਸੱਪ’ ਨੂੰ ਲੈ ਕੇ ਚਰਚਾ ਵਿੱਚ ਹੈ, ਇਸ ਤੋਂ ਇਲਾਵਾ ਪਿਛਲੇ ਦਿਨੀਂ ਅਦਾਕਾਰਾ ਕਈ ਸ਼ਾਨਦਾਰ ਪ੍ਰੋਜੈਕਟਾਂ ਦਾ ਹਿੱਸਾ ਰਹਿ ਚੁੱਕੀ ਹੈ, ਜਿਸ ਵਿੱਚ ‘ਸੁੱਖਾ ਰੇਡਰ’ ਸ਼ਾਮਿਲ ਹੈ।
ਸੰਖੇਪ : 500 ਗੀਤਾਂ ਵਿੱਚ ਮਾਡਲਿੰਗ ਕਰ ਚੁੱਕੀ ਅਦਾਕਾਰਾ ਪੰਜਾਬੀ ਇੰਡਸਟਰੀ ਤੋਂ ਗਾਇਬ ਹੋ ਗਈ। ਹੁਣ ਉਸਨੇ ਖੁਦ ਇਸ ਦਾ ਕਾਰਨ ਦੱਸਿਆ।