ਸੰਗਰੂਰ, 22 ਮਾਰਚ (ਪੰਜਾਬੀ ਖਬਰਨਾਮਾ ਬਿਊਰੋ)-ਪੰਜਾਬ ਸਰਕਾਰ ਦੇ ਲੋਕ ਸੰਪਰਕ ਅਤੇ ਸੂਚਨਾ ਵਿਭਾਗ ਵਿੱਚ ਚੰਡੀਗੜ੍ਹ ਵਿਖੇ ਤਾਇਨਾਤ ਜੁਆਇੰਟ ਡਾਇਰੈਕਟਰ ਸਰਦਾਰ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੂੰ ਐਡੀਸ਼ਨਲ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਗਈ ਹੈ। ਦੇਸ਼-ਵਿਦੇਸ਼ਾਂ ਵਿੱਚ ਗੱਤਕਾ ਪ੍ਰਮੋਟਰ ਵਜੋਂ ਮਸ਼ਹੂਰ ਸਰਦਾਰ ਹਰਜੀਤ ਸਿੰਘ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੀ ਇਹ ਪਦਉਨਤੀ ਵਿਭਾਗ ਦੀ ਪ੍ਰਮੋਸ਼ਨ ਕਮੇਟੀ ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਹੋਈ ਹੈ ਜਿਸ ਦੀ ਪ੍ਰਧਾਨਗੀ ਵਿਭਾਗ ਦੇ ਸਕੱਤਰ ਮਲਵਿੰਦਰ ਸਿੰਘ ਜੱਗੀ ਨੇ ਕੀਤੀ।
ਦੱਸਣਯੋਗ ਹੈ ਕਿ ਲਾਗਲੇ ਪਿੰਡ ਸਿੰਘਾਂ ਦੀ ਸਕਰੌਦੀ ਦੇ ਜੰਮਪਲ ਸਰਦਾਰ ਹਰਜੀਤ ਸਿੰਘ ਗਰੇਵਾਲ ਲੱਗਭਗ 17 ਸਾਲਾਂ ਤੋਂ ਸਿੱਖ ਵਿਰਾਸਤੀ ਦੀ ਜੰਗਜੂ ਕਲਾ ਗੱਤਕਾ ਨੂੰ ਬਤੌਰ ਮਾਨਤਾ ਪ੍ਰਾਪਤ ਖੇਡ ਵਜੋਂ ਵਿਸ਼ਵ ਭਰ ਵਿੱਚ ਪ੍ਰਫੁੱਲਤ ਕਰਨ, ਮਾਨਤਾ ਦਿਵਾਉਣ, ਪ੍ਰਚਾਰਿਤ ਕਰਨ ਅਤੇ ਵਿਰਸੇ ਵਜੋਂ ਸੰਭਾਲਣ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਰਣਬੀਰ ਕਾਲਜ ਸੰਗਰੂਰ ਦੇ ਸਾਇੰਸ ਦੇ ਵਿਦਿਆਰਥੀ ਰਹੇ ਸਰਦਾਰ ਗਰੇਵਾਲ ਦੀ ਇਸ ਤਰੱਕੀ ਉੱਤੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਰਾਜ ਸਰਕਾਰ ਨੇ ਉਨ੍ਹਾਂ ਨੂੰ ਇਹ ਸਨਮਾਨ ਦੇ ਕੇ ਪੁਰਾਤਨ ਸਿੱਖ ਮਾਰਸ਼ਲ ਆਰਟ ਲਈ ਉਨ੍ਹਾਂ ਦੀ ਸਮਰਪਿਤ ਭਾਵਨਾ ਨੂੰ ਹੋਰ ਉਤਸ਼ਾਹਿਤ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਉਹ ਇਸ ਸਨਮਾਨ ਅਤੇ ਮਾਨਤਾ ਦੇ ਹੱਕਦਾਰ ਵੀ ਸਨ।
ਉਨਾਂ ਕਿਹਾ ਕਿ ਵਿਭਾਗ ਦਾ ਇਹ ਕਦਮ ਇਸ ਸਮਰਪਿਤ ਸਿੱਖ ਅਧਿਕਾਰੀ ਦੀ ਲੋਕ ਸੇਵਾ ਪ੍ਰਤੀ ਨਿਸ਼ਟਾ ਅਤੇ ਕਾਰਜਕੁਸ਼ਲਤਾ ਵਿੱਚ ਹੋਰ ਵਾਧਾ ਕਰੇਗਾ। ਸ: ਗਰੇਵਾਲ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਹਲਕਾ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ, ਭਾਜਪਾ ਆਗੂ ਅਰਵਿੰਦ ਖੰਨਾ, ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਅਕਾਲੀ ਆਗੂ ਸੁਖਵੰਤ ਸਿੰਘ ਸਰਾਓ, ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ, ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਮਨਜੀਤ ਸਿੰਘ ਕੁੱਕੀ ਕੋਚ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸਿੰਘ ਹਾਕੀ, ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ, ਜਗਮੀਤ ਸਿੰਘ ਭੋਲਾ ਸਰਪੰਚ ਬਲਿਆਲ, ਜਗਦੀਪ ਸਿੰਘ ਗੋਗੀ ਨਰੈਣਗੜ੍ਹ, ਕੇਵਲ ਸਿੰਘ ਜਲਾਨ ਅਤੇ ਸੰਯੁਕਤ ਪ੍ਰੈਸ ਕੱਲਬ ਭਵਾਨੀਗੜ੍ਹ ਰਜਿਸਟਰਡ ਦੇ ਸਮੂਹ ਅਹੁਦੇਦਾਰ ਸ਼ਾਮਲ ਹਨ।
