07 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ):-ਦੇਸ਼ ਭਰ ਵਿੱਚ 14 ਮਾਰਚ ਨੂੰ ਗੌਰ ਪੁੰਨਿਆਂ (Gaura Purnima) ਦਾ ਤਿਉਹਾਰ (Festival) ਮਨਾਇਆ ਜਾ ਰਿਹਾ ਹੈ। ਇਹ ਦਿਨ ਗੌਰੰਗ ਪ੍ਰਭੂ ਜੀ (ਸ੍ਰੀ ਚੈਤੰਨਿਆ ਗੌੜੀਆ ਮੱਠ) ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਅਤੇ ਇਨ੍ਹਾਂ ਦਿਨਾਂ ‘ਤੇ ਦੁਨੀਆ ਭਰ ਤੋਂ ਸ਼ਰਧਾਲੂ ਸ੍ਰੀ ਚੈਤੰਨਿਆ ਮਹਾਪ੍ਰਭੂ ਜੀ (Sri Chaitanya Mahaprabhu) ਦੇ ਪ੍ਰਕਾਸ਼ ਅਸਥਾਨ ਨਵਦੀਪ ਧਾਮ ਮਾਇਆਪੁਰ (Mayapur) ਵਿਖੇ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਇਸ ਦੇ ਨਾਲ ਹੀ ਪਠਾਨਕੋਟ ਸ਼ਹਿਰ ਦੇ ਸ੍ਰੀ ਚੈਤੰਨਿਆ ਗੌੜੀਆ ਮੱਠ ਦੇ ਸ਼ਰਧਾਲੂਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੀ ਸ਼ੁਰੂਆਤ ਅਧੀਵਾਸ ਕੀਰਤਨ ਨਾਲ ਹੁੰਦੀ ਹੈ। ਭਗਤਾਂ ਦੇ ਅਨੁਸਾਰ, ਅਧੀਵਾਸ ਕੀਰਤਨ ਦਾ ਮੁੱਖ ਉਦੇਸ਼ ਭਗਵਾਨ ਸ੍ਰੀ ਚੈਤੰਨਿਆ ਮਹਾਪ੍ਰਭੂ ਜੀ ਨੂੰ ਸੱਦਾ ਦੇਣਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਾਸ ਮੁਕੁੰਦ ਬਿਹਾਰੀ ਜੀ ਨੇ ਦੱਸਿਆ ਕਿ ਦਾਸ ਨਦੀਆ ਬਿਹਾਰੀ ਦੀ ਦੇਖ-ਰੇਖ ਹੇਠ ਹਰ ਸਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 08 ਮਾਰਚ ਤੋਂ 12 ਮਾਰਚ ਤੱਕ ਸਵੇਰੇ 4 ਵਜੇ ਤੋਂ 6 ਵਜੇ ਤੱਕ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ ਅਤੇ 13 ਮਾਰਚ ਨੂੰ ਸ੍ਰੀ ਚੈਤੰਨਿਆ ਮਹਾਪ੍ਰਭੂ ਜੀ ਪਾਲਕੀ ਯਾਤਰਾ ਕੱਢੀ ਜਾਵੇਗੀ। ਇਸ ਦੇ ਨਾਲ ਹੀ 14 ਮਾਰਚ ਨੂੰ ਨਾਰਾਇਣਪੁਰੀ ਹਾੜਾ, ਨਵ-ਵਰਿੰਦਾਵਨ (Nav Vrindavan) ਵਿਖੇ ਗੌਰ ਪੁੰਨਿਆ ਅਤੇ ਹੋਲੀ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਸ੍ਰੀ ਚੇਤੰਨਿਆ ਮਹਾਪ੍ਰਭੂ ਜੀ ਦੇ ਮਹਾ ਅਭਿਸ਼ੇਕ ਦੇਖਣ ਯੋਗ ਹੈ।
ਉਨ੍ਹਾਂ ਕਿਹਾ ਕਿ ਇਸ ਸਾਰੇ ਸਮਾਗਮ ਵਿੱਚ ਅਧਿਵਾਸ ਕੀਰਤਨ ਦੀ ਵਿਸ਼ੇਸ਼ ਮਹੱਤਤਾ ਦੱਸੀ ਜਾਂਦੀ ਹੈ। ਇਨ੍ਹਾਂ ਦਿਨਾਂ ਦੌਰਾਨ ਹਰਿ-ਨਾਮ ਸੰਕੀਰਤਨ ਕਰਨ ਨਾਲ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਮਿਲਦੀ ਹੈ। ਇਸ ਮੌਕੇ ਕਥਾਵਾਚਕ ਨਦੀਆ ਬਿਹਾਰੀ ਜੀ ਨੇ ਗੌਰ ਪੂਰਨਿਮਾ ਅਤੇ ਹੋਲੀ ਮਹੋਤਸਵ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ।