ਮੋਗਾ 4 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):- ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਸਬ-ਜੇਲ੍ਹ ਮੋਗਾ ਵਿਖੇ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਜਿ਼ਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਦੀ ਅਗਵਾਹੀ ਹੇਠ ਕੈਦੀਆਂ/ਹਵਾਲਾਤੀਆਂ ਲਈ ਮੈਡੀਕਲ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਉਕਤ ਟੀਮ ਵੱਲੋਂ ਕੁੱਲ 80 ਕੈਦੀਆਂ/ਹਵਾਲਾਤੀਆਂ ਦਾ ਚੈਕਅੱਪ ਕੀਤਾ ਗਿਆ ਅਤੇ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੋਗਾ ਵਲੋਂ ਕੈਦੀਆਂ/ਹਵਾਲਾਤੀਆਂ ਦੀਆਂ ਸੱਮਸਿਆਵਾਂ ਨੂੰ ਸੁਣਿਆ ਗਿਆ ਅਤੇ ਨਿਪਟਾਰਾ ਕੀਤਾ ਗਿਆ।
ਸ੍ਰੀ ਸਰਬਜੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਵਾਲਾਤੀਆਂ/ਕੈਦੀਆਂ ਦੀ ਚੰਗੀ ਸਿਹਤ ਲਈ ਅਸੀਂ ਇਹ ਮੈਡੀਕਲ ਕੈਂਪ ਲਗਾਉਂਦੇ ਰਹਿੰਦੇ ਹਾਂ ਅਤੇ ਭਵਿੱਖ ਵਿੱਚ ਵੀ ਲਗਾਉਂਦੇ ਰਹਾਂਗੇ। ਅੱਗੇ ਜਾਣਕਾਰੀ ਦਿੰਦਿਆਂ ਹੋਇਆਂ ਉਨ੍ਹਾਂ ਵੱਲੋਂ ਮੌਜੂਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਵਾਇਆ ਗਿਆ ਅਤੇ ਮੁੱਫਤ ਕਾਨੂੰਨੀ ਸਹਾਇਤਾ ਬਾਰੇ ਦੱਸਿਆ ਗਿਆ ਕਿ ਕੌਣ-ਕੌਣ ਵਿਅਕਤੀ ਅਤੇ ਕਿਸ ਤਰ੍ਹਾਂ ਮੁੱਫਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ । ਉਨਾਂ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਹਵਾਲਾਤੀ/ਕੈਦੀ ਨੂੰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵਲੋਂ ਮੁੱਫਤ ਕਾਨੂੰਨੀ ਸਹਾਇਤਾ ਸਕੀਮ ਤਹਿਤ ਮੁਫਤ ਵਕੀਲ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਖਰਚਾ ਨਹੀਂ ਹੁੰਦਾ ਸਾਰਾ ਖਰਚਾ ਇਸ ਅਥਾਰਟੀ ਵਲੋਂ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ ਉਨਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ। ਇਸ ਮੌਕੇ ਡਾ. ਚਰਨਪ੍ਰੀਤ ਸਿੰਘ (ਮਨੋਰੋਗ ਮਾਹਿਰ), ਡਾ. ਅਜਵਿੰਦਰ ਸਿੰਘ (ਮੈਡੀਸਨ), ਡਾ. ਮਨਿੰਦਰਜੀਤ ਸਿੰਘ (ਓਰਥੋ), ਡਾ. ਰੁਪਾਲੀ ਸੇਠੀ (ਓਪਥਾਲਮੋਲੋਜਿਸਟ), ਸ਼੍ਰੀ ਕਿਰਪਾਲ ਸਿੰਘ (ਫਾਰਮੇਸੀ ਅਫਸਰ) ਤੇ ਸ਼੍ਰੀ ਰਾਜਵਿੰਦਰ ਸਿੰਘ (ਵਾਰਡ ਅਟੈਂਡੇਂਟ) ਸਿਵਲ ਹਸਪਤਾਲ, ਮੋਗਾ ਤੋਂ ਮੌਜੂਦ ਸਨ।
ਇਸ ਤੋਂ ਇਲਾਵਾ ਸ਼੍ਰੀਮਤੀ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਸ਼੍ਰੀ ਗੁਰਿੰਦਰ ਸਿੰਘ ਸੁਪਰਡੈਂਟ ਸੈਸ਼ਨ ਡਵੀਜ਼ਨ ਮੋਗਾ ਅਤੇ ਸ਼੍ਰੀ ਕਮਲਦੀਪ ਸਿੰਘ, ਸਹਾਇਕ ਜੇਲ੍ਹ ਸੁਪਰਡੈਂਟ ਵੀ ਹਾਜ਼ਰ ਸਨ ।
ਸੰਖੇਪ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਬ-ਜੇਲ੍ਹ ਮੋਗਾ ਵਿਖੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਨੂੰਨੀ ਜਾਗਰੂਕਤਾ ਅਤੇ ਕੈਦੀਆਂ ਦੇ ਹੱਕਾਂ ਬਾਰੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਉਪਰਾਲਾ ਕਾਨੂੰਨੀ ਸਹਾਇਤਾ ਦੇ ਹੱਕ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ।