sports

ਫ਼ਤਹਿਗੜ੍ਹ ਸਾਹਿਬ, 03 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਰਥਕ ਸਿੱਟੇ ਨਿਕਲ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖਿਡਾਰੀਆਂ ਨੇ ਸਾਲ 2024-25 ਦੌਰਾਨ ਸੂਬਾ ਪੱਧਰ ਉੱਤੇ 288 ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਜਿੱਤੇ 288 ਤਗਮਿਆਂ ਵਿੱਚ 85 ਸੋਨ, 89 ਚਾਂਦੀ ਤੇ 114 ਕਾਂਸੀ ਦੇ ਤਗਮੇ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਖਿਡਾਰੀਆਂ ਨੇ ਫੈਂਸਿੰਗ ਵਿੱਚ 27 ਸੋਨ, 44 ਚਾਂਦੀ ਤੇ 40 ਕਾਂਸੀ, ਕਬੱਡੀ ਵਿੱਚ 24 ਸੋਨ, 12 ਚਾਂਦੀ ਤੇ 12 ਕਾਂਸੀ, ਰਘਬੀ ਵਿੱਚ 12 ਸੋਨ ਤੇ 12 ਕਾਂਸੀ, ਵੁਸ਼ੂ ਵਿੱਚ 01 ਸੋਨ, 03 ਚਾਂਦੀ ਤੇ 11 ਕਾਂਸੀ, ਬਾਕਸਿੰਗ ਵਿੱਚ 06 ਸੋਨ, 02 ਚਾਂਦੀ ਤੇ 06 ਕਾਂਸੀ, ਅਥਲੈਟਿਕਸ ਵਿੱਚ 02 ਸੋਨ, 07 ਚਾਂਦੀ ਤੇ 04 ਕਾਂਸੀ, ਗੱਤਕੇ ਵਿੱਚ 01 ਸੋਨ, 05 ਚਾਂਦੀ ਤੇ 05 ਕਾਂਸੀ, ਸ਼ੂਟਿੰਗ ਵਿੱਚ 01 ਸੋਨ, 03 ਚਾਂਦੀ ਤੇ 03 ਕਾਂਸੀ, ਕਿਕ ਬਾਕਸਿੰਗ ਵਿੱਚ 01 ਸੋਨ, 03 ਚਾਂਦੀ ਤੇ 02 ਕਾਂਸੀ, ਸ਼ਤਰੰਜ ਵਿੱਚ 04 ਕਾਂਸੀ, ਰੋਇੰਗ ਵਿੱਚ 03 ਸੋਨ ਤੇ 01 ਚਾਂਦੀ, ਲਾਅਨ ਟੈਨਿਸ ਵਿੱਚ 02 ਸੋਨ ਤੇ 02 ਕਾਂਸੀ, ਬੈਡਮਿੰਟਨ ਵਿੱਚ 03 ਚਾਂਦੀ, ਵੇਟਫਿਟਿੰਗ ਵਿੱਚ 02 ਸੋਨ ਤੇ 01 ਕਾਂਸੀ, ਰੋਲਰ ਸਕੇਟਿੰਗ ਵਿੱਚ 01 ਚਾਂਦੀ ਤੇ 01 ਕਾਂਸੀ, ਤਾਇਕਵਾਂਡੋ ਵਿੱਚ 01 ਕਾਂਸੀ, ਜਿਮਨਾਸਟਿਕਸ ਵਿੱਚ 01 ਕਾਂਸੀ, ਕੁਸ਼ਤੀ ਵਿੱਚ 03 ਸੋਨ, 05 ਚਾਂਦੀ ਤੇ 03 ਕਾਂਸੀ ਅਤੇ ਪਾਵਰਲਿਫਟਿੰਗ ਵਿੱਚ 06 ਕਾਂਸੀ ਦੇ ਤਗਮੇ ਹਾਸਲ ਕੀਤੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਡ ਵਿਭਾਗ ਦੇ ਕੋਚਿਜ਼ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੀ ਫ੍ਰੀ ਕੋਚਿੰਗ ਦਿੱਤੀ ਜਾਂਦੀ ਹੈ ਅਤੇ ਖੇਡ ਵਿਭਾਗ ਦੀ ਸਕੀਮ ਅਧੀਨ ਡੇਅ-ਸਕਾਲਰ ਵਿੰਗ (ਸਕੂਲਜ਼) ਚਲਾਏ ਜਾਂਦੇ ਹਨ, ਜਿਸ ਵਿੱਚ ਪ੍ਰਤੀ ਖਿਡਾਰੀ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ 125 ਰੁਪਏ ਦੀ ਸਵੇਰੇ-ਸ਼ਾਮ ਡਾਈਟ ਦਿੱਤੀ ਜਾਂਦੀ ਹੈ।

ਬੱਚਿਆਂ/ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ-2024” ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਰਾਜ ਪੱਧਰ ਦੇ ਫੈਂਸਿੰਗ ਅਤੇ ਸਾਫਟਬਾਲ ਖੇਡਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਲਗਭਗ 2500 ਖਿਡਾਰੀਆਂ ਅਤੇ ਆਫ਼ੀਸ਼ੀਅਲਜ਼ ਨੇ ਭਾਗ ਲਿਆ।

ਰਾਜ ਪੱਧਰ ‘ਤੇ ਤਗਮੇ ਹਾਸਲ ਕਰਨ ਵਾਲੇ ਖ਼ਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਨਕਦ ਇਨਾਮ ਰਾਸ਼ੀ ਤਹਿਤ ਸੋਨ ਤਮਗੇ ਲਈ 10,000 ਰੁਪਏ, ਚਾਂਦੀ ਦੇ ਤਗਮੇ ਲਈ 7000 ਰੁਪਏ ਅਤੇ ਕਾਂਸੀ ਦੇ ਤਗਮੇ ਲਈ 5000 ਦਿੱਤੇ ਜਾਣੇ ਹਨ।
ਇਸ ਤੋਂ ਇਲਾਵਾ ਓਲੰਪੀਅਨ ਸਰਦਾਰ ਬਲਬੀਰ ਸਿੰਘ (ਸੀਨੀਅਰ) ਸਕਾਲਰਸ਼ਿਪ ਸਕੀਮ ਫ਼ਾਰ ਆਊਟਸਟੈਂਡਿੰਗ ਐਂਡ ਬਡਿੰਗ ਸਪੋਟਰਸਪਰਸਨਜ਼ ਤਹਿਤ ਖਿਡਾਰੀਆਂ ਨੂੰ ਸਕਾਲਰਸ਼ਿਪ ਦੇਣ ਦਾ ਉਪਬੰਧ ਕੀਤਾ ਗਿਆ ਹੈ, ਜਿਸ ਵਿੱਚ ਜੂਨੀਅਰ ਨੈਸ਼ਨਲ ਅਤੇ ਸੀਨੀਅਰ ਨੈਸ਼ਨਲ ਖੇਡਾਂ ਵਿੱਚ ਮੈਡਲ ਜੇਤੂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖਿਡਾਰੀਆਂ ਨੂੰ 16000 ਰੁਪਏ ਅਤੇ 12000 ਰੁਪਏ ਮਹੀਨਾ, ਰਾਸ਼ੀ ਦਿੱਤੀ ਜਾਣੀ ਹੈ ਅਤੇ ਇਨ੍ਹਾਂ ਖਿਡਾਰੀਆਂ ਵਿੱਚੋਂ ਸੀਨੀਅਰ ਨੈਸ਼ਨਲ ਖੇਡਾਂ ਵਿੱਚ ਮੈਡਲ ਜੇਤੂ ਖਿਡਾਰੀਆਂ ਨੂੰ 05 ਮਹੀਨਿਆਂ ਦੀ ਅਤੇ ਜੂਨੀਅਰ ਨੈਸ਼ਨਲ ਖੇਡਾਂ ਵਿੱਚ ਮੈਡਲ ਜੇਤੂ ਖਿਡਾਰੀਆਂ ਨੂੰ 09 ਮਹੀਨਿਆਂ ਦੀ ਰਾਸ਼ੀ ਰਲੀਜ਼ ਵੀ ਕੀਤੀ ਜਾ ਚੁੱਕੀ ਹੈ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਅਤੇ ਪੰਜਾਬ ਸਰਕਾਰ ਦੀਆਂ ਖੇਡਾਂ ਸਬੰਧੀ ਸਕੀਮਾਂ ਅਤੇ ਸਹੂਲਤਾਂ ਦਾ ਲਾਹਾ ਲੈਣ। ਇਸ ਨਾਲ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆਂ ਤੋਂ ਬਚੀ ਰਹੇਗੀ, ਉੱਥੇ ਆਪਣਾ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰੇਗੀ।

ਸਾਰ:
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਰੁਚੀ ਪੈਦਾ ਕਰਨ ਲਈ ਕਈ ਮੁਹਿੰਮਾਂ ਅਤੇ ਉਪਰਾਲੇ ਸ਼ੁਰੂ ਕੀਤੇ ਹਨ। ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਉਚੇ ਦਰਜੇ ਦੀ ਖੇਡ ਪ੍ਰਦਰਸ਼ਨ ਵੱਲ ਪ੍ਰੇਰਿਤ ਕਰਨਾ ਹੈ, ਜਿਸ ਨਾਲ ਖੇਡਾਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਹੋ ਸਕੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।