ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, 09 ਫਰਵਰੀ (ਪੰਜਾਬੀ ਖ਼ਬਰਨਾਮਾ)
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਅੱਜ ਗਿੱਦੜਬਾਹਾ ਦੇ ਪਿੰਡ ਭਾਰੂ ਅਤੇ ਕੋਟਭਾਈ ਵਿੱਚ ਲੋਕ ਸੁਵਿਧਾ ਕੈਂਪ ਲਗਾਏ ਗਏ। ਇਸ ਮੌਕੇ ਐਸ.ਡੀ.ਐਮ. ਗਿੱਦੜਬਾਹਾ, ਸ੍ਰੀ ਅਜੀਤ ਪਾਲ ਸਿੰਘ ਵੱਲੋਂ ਪਿੰਡ ਭਾਰੂ ਵਿਖੇ ਪਹੁੰਚ ਕੈਂਪ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸੇ ਲੜੀ ਤਹਿਤ ਲੋਕਾਂ ਨੂੰ ਉਹਨਾਂ ਦੀਆਂ ਬਰੂਹਾਂ ’ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਪਿੰਡ-ਪਿੰਡ ਲੋਕ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।
ਉਨਾਂ ਕਿਹਾ ਕਿ ਇਹ ਕੈਂਪ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ, ਕਿਉਂਕਿ ਲੋਕਾਂ ਦੇ ਪਿੰਡ ਵਿੱਚ ਹੀ ਕੰਮ ਹੋ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਇਹਨਾਂ ਕੰਮਾਂ ਲਈ ਲੋਕਾਂ ਨੂੰ ਦਫਤਰਾਂ ਤੱਕ ਜਾਣਾ ਪੈਂਦਾ ਸੀ ਪਰ ਹੁਣ ਦਫਤਰ ਚੱਲ ਕੇ ਲੋਕਾਂ ਦੇ ਪਿੰਡ ਵਿੱਚ ਪਹੁੰਚ ਰਹੇ ਹਨ ਅਤੇ ਪਿੰਡ ਵਿੱਚ ਬੈਠ ਕੇ ਹੀ ਅਧਿਕਾਰੀ ਲੋਕਾਂ ਦੇ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਲਗਭਗ ਚਾਰ ਦਰਜਨ ਤੋਂ ਜਿਆਦਾ ਸਕੀਮਾਂ ਦਾ ਲਾਭ ਮੌਕੇ ਤੇ ਹੀ ਦਿੱਤਾ ਜਾ ਰਿਹਾ ਹੈ ।
ਉਨ੍ਹਾਂ ਦੱਸਿਆ ਕਿ 12 ਫ਼ਰਵਰੀ ਨੂੰ ਇਹ ਕੈਂਪ ਗਿੱਦੜਬਾਹਾ ਸ਼ਹਿਰੀ ਖੇਤਰ ਦੇ ਵਾਰਡ ਨੰਬਰ 4 ਵਿੱਚ ਅਤੇ ਬਾਅਦ ਦੁਪਹਿਰ ਵਾਰਡ ਨੰਬਰ 5 ਵਿਖੇ ਲਗਾਏ ਜਾ ਰਹੇ ਹਨ ਅਤੇ ਇਸੇ ਤਰ੍ਹਾਂ ਗਿੱਦੜਬਾਹਾ ਦੇ ਪਿੰਡ ਬੀਦੋਵਾਲੀ ਵਿਖੇ ਅਤੇ ਬਾਅਦ ਦੁਪਹਿਰ ਥਰਾਜਵਾਲਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਸਬੰਧੀ ਲਗਾਏ ਜਾ ਰਹੇ ਹਨ।
ਇਸ ਕੈਂਪ ਦੌਰਾਨ ਉਨ੍ਹਾਂ ਵੱਲੋਂ ਮੌਕੇ ’ਤੇ ਹੀ ਲੇਬਰ ਦੀ ਲਾਭਪਾਤਰੀ ਸਰਟੀਫ਼ਿਕੇਟ, ਜਾਤੀ ਦਾ ਸਰਟੀਫ਼ਿਕੇਟ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਸਰਟੀਫ਼ਿਕੇਟ ਮੁਹੱਈਆ ਕਰਵਾਏ ਗਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਸਰਕਾਰ ਦੇ ਇਸ ਉਪਰਾਲੇ ਦਾ ਲਾਹਾ ਲਿਆ ਜਾਵੇ। ਇਸ ਮੌਕੇ ਸ੍ਰੀ ਕਮਲਜੀਤ ਸਿੰਘ ਤੋਂ ਇਲਾਵਾ ਪਤਵੰਤੇ ਵਿਆਕਤੀ ਹਾਜ਼ਰ ਸਨ।