ਚੰਡੀਗੜ੍ਹ, 13 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਅੱਜ ਦੇਸ਼ ‘ਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿਚਾਲੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਸ਼ੁਭਦੀਪ (ਨਿੱਕੇ ਸਿੱਧੂ ) ਦੀ ਪਹਿਲੀ ਲੋਹੜੀ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਘਰ ਰੌਣਕਾ ਲੱਗੀਆਂ ਹੋਈਆਂ ਹਨ। ਇਸ ਮੌਕੇ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਉਨ੍ਹਾਂ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ… ‘‘ਤੇਰੇ ਮੁੜਨ ਨਾਲ ਸਿਰਫ਼ ਇਹ ਅਹਿਸਾਸ ਨਹੀ ਹੋਇਆ ਕਿ ਮੈਂ ਅਜੇ ਸਾਹ ਲੈ ਰਹੀ ਹਾਂ, ਤੇਰੇ ਮੁੜਨ ਨਾਲ ਮੈਂ ਆਪਣੀ ਕੁੱਖ ‘ਚ ਸਤਿਗੁਰ ਦੇ ਲਾਏ ਭਾਗ ਨਾਲ ਆਪਣੇ ਦੁੱਖ ਤੇ ਮਲ੍ਹਮ ਵੀ ਲਾਈ, ਪੁੱਤ ਮੈਂ ਵਾਹਿਗੁਰੂ ਦੇ ਕੀਤੇ ਇਨਸਾਫ਼ ਨਾਲ ਇਹ ਤਾ ਜਾਣ ਗਈ ਹਾਂ ਕਿ ਕਿਸੇ ਨੂੰ ਗਿਰਾਉਣ ਮਿਟਾਉਣ ਦੀਆ ਜੁਗਤਾ ਇਥੋ ਤੱਕ ਹੀ ਰਹਿ ਜਾਣੀਆਂ, ਕਦੇ-ਕਦੇ ਜਦੋਂ ਦਿਲ ਬੇਚੈਨ ਹੋ ਜਾਂਦਾ ਐ ਤਾਂ ਮੇਰਾ ਮਨ ਮੈਨੂੰ ਇਹ ਕਹਿੰਦਾ ਹੈ ਕਿ ਮੈਂ ਤੇਰੇ 2 ਰੂਪ ਦੇਖਣੇ ਸੀ, ਮੇਰਾ ਸ਼ੇਰ ਹੁਣ ਬੱਬਰ ਸ਼ੇਰ ਬਣ ਮੁੜਿਆ ਏ, ਮੇਰੇ ਨਿੱਕੇ ਸ਼ੁੱਭ ਨੂੰ ਮੇਰੇ ਵੱਡੇ ਸ਼ੁੱਭ ਵੱਲੋਂ ਤੇ ਸਾਰੇ ਜਹਾਨ ‘ਚ ਉਹ ਦੀ ਸੁੱਖ ਮੰਗਦੇ ਭੈਣ ਭਰਾਵਾਂ ਵੱਲੋਂ ਪਹਿਲੀ ਲੋਹੜੀ ਮੁਬਾਰਕ ਮੇਰੀ ਅਰਦਾਸ ਏ ਬੇਟਾ, ਤੁਸੀ ਵੀ ਆਪਣੇ ਵੱਡੇ ਵੀਰ ਵਾਂਗ ਸੂਝਵਾਨ ਤੇ ਦਲੇਰ ਬਣੋ । ਮਾਤਾ ਚਰਨ ਕੌਰ ਦੀ ਇਸ ਪੋਸਟ ਨੂੰ ਪੜ੍ਹ ਸਿੱਧੂ ਦੇ ਚਾਹੁਣ ਵਾਲੇ ਭਾਵੁਕ ਹੋ ਰਹੇ ਹਨ।
ਦੱਸ ਦੇਈਏ 29 ਮਈ 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਮਾਪਿਆਂ ਅਤੇ ਚਾਹੁਣ ਵਾਲਿਆਂ ਨੂੰ ਅੱਜ ਵੀ ਸਿੱਧੂ ਲਈ ਇਨਸਾਫ ਦੀ ਬੇਸਬਰੀ ਨਾਲ ਉਡੀਕ ਹੈ।
ਸੰਖੇਪ
ਮਾਤਾ ਚਰਨ ਕੌਰ ਨੇ ਆਪਣੇ ਬੇਟੇ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਦੇ ਮੌਕੇ 'ਤੇ ਭਾਵੁਕ ਪੋਸਟ ਸਾਂਝੀ ਕੀਤੀ। ਉਹਨਾਂ ਨੇ ਇਸ ਖਾਸ ਦਿਨ ਨੂੰ ਮਨਾਉਂਦੇ ਹੋਏ ਆਪਣੀਆਂ ਭਾਵਨਾਵਾਂ ਅਤੇ ਪਿਆਰ ਨੂੰ ਸ਼ੇਅਰ ਕੀਤਾ।