ਨਵੀਂ ਦਿੱਲੀ, 8 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਆਸਟ੍ਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ ਵਿੱਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਰੋਹਿਤ-ਵਿਰਾਟ ਆਲੋਚਨਾ ਦੇ ਘੇਰੇ ਵਿੱਚ ਹਨ। ਸਿਡਨੀ ਟੈਸਟ ਮੈਚ ‘ਚ ਭਾਰਤ ਦੇ ਪਲੇਇੰਗ-11 ‘ਚੋਂ ਰੋਹਿਤ ਸ਼ਰਮਾ ਨੂੰ ਬਾਹਰ ਰੱਖਿਆ ਗਿਆ ਸੀ ਪਰ ਟੀਮ ਇੰਡੀਆ ਉਹ ਮੈਚ 6 ਵਿਕਟਾਂ ਨਾਲ ਗੁਆ ਬੈਠੀ।
ਇਸ ਤਰ੍ਹਾਂ ਆਸਟ੍ਰੇਲੀਆਈ ਟੀਮ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ 3-1 ਨਾਲ ਜਿੱਤ ਕੇ WTC Final ਵਿੱਚ ਥਾਂ ਬਣਾਈ। ਇਸ ਦੇ ਨਾਲ ਹੀ ਭਾਰਤ ਨੇ 10 ਸਾਲ ਬਾਅਦ ਬਾਰਡਰ-ਗਾਵਸਕਰ ਟਰਾਫੀ (BGT) ਵਿੱਚ ਹਾਰ ਦਾ ਸਾਹਮਣਾ ਕੀਤਾ। ਇਸ ਸੀਰੀਜ਼ ਤੋਂ ਬਾਅਦ ਰੋਹਿਤ-ਵਿਰਾਟ ਨੂੰ ਖ਼ਰਾਬ ਫਾਰਮ ਦੇ ਚੱਲਦੇ ਆਲੋਚਕਾਂ ਨੇ ਆਪਣੇ ਨਿਸ਼ਾਨੇ ‘ਤੇ ਲੈ ਲਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਤੋਂ ਫਾਰਮ ਦੀ ਵਾਪਸੀ ਨੂੰ ਲੈ ਕੇ ਅਹਿਮ ਸਲਾਹ ਮਿਲੀ ਹੈ।
Ravi Shastri ਨੇ ਰੋਹਿਤ-ਵਿਰਾਟ ਨੂੰ ਫਾਰਮ ਵਾਪਸੀ ਲਈ ਦਿੱਤੀ ਖ਼ਾਸ ਸਲਾਹ
ਦਰਅਸਲ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਦੀ ਫਾਰਮ ਆਸਟ੍ਰੇਲੀਆ ਵਿੱਚ ਬਹੁਤ ਖ਼ਰਾਬ ਰਹੀ। ਉਸ ਨੇ ਪੰਜ ਪਾਰੀਆਂ ‘ਚ ਸਿਰਫ਼ 31 ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ ਨੇ ਪਹਿਲੇ ਟੈਸਟ ਦੀ ਸ਼ੁਰੂਆਤ ਸੈਂਕੜੇ ਨਾਲ ਕੀਤੀ ਪਰ ਉਸ ਤੋਂ ਬਾਅਦ ਨਿਰਾਸ਼ ਹੋ ਗਏ। ਕੋਹਲੀ ਵੀ ਇਸ ਤੋਂ ਬਾਅਦ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ। ਵਿਰਾਟ ਬਾਕੀ ਮੈਚਾਂ ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ ਤੇ ਨੌਂ ਪਾਰੀਆਂ ਵਿੱਚ 23.95 ਦੀ ਔਸਤ ਨਾਲ 190 ਦੌੜਾਂ ਬਣਾਈਆਂ।
ਇਨ੍ਹਾਂ ਦੋਵਾਂ ਦੀ ਖ਼ਰਾਬ ਫਾਰਮ ਨੂੰ ਦੇਖ ਕੇ ਜਿੱਥੇ ਸਾਰੇ ਲੋਕ ਦਿੱਗਜ ‘ਤੇ ਆਪਣਾ ਗੁੱਸਾ ਕੱਢ ਰਹੇ ਹਨ ਤਾਂ ਇਸ ਵਿਚਕਾਰ ਸਾਬਕਾ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ (Ravi Shastri) ਨੇ ਉਨ੍ਹਾਂ ਨੂੰ ਬਹੁਤ ਅਹਿਮ ਸਲਾਹ ਦਿੱਤੀ ਹੈ। ਰਵੀ ਸ਼ਾਸਤਰੀ ਨੇ ਦਾਅਵਾ ਕੀਤਾ ਕਿ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਬਾਰਡਰ-ਗਾਵਸਕਰ ਟਰਾਫੀ ਵਿੱਚ ਹਾਲੀਆ ਅਸਫਲਤਾਵਾਂ ਤੋਂ ਬਾਅਦ ਘਰੇਲੂ ਕ੍ਰਿਕਟ ਖੇਡਣਾ ਚਾਹੀਦਾ ਹੈ। ਕੋਹਲੀ ਤੇ ਰੋਹਿਤ ਆਸਟ੍ਰੇਲੀਆ ਦੇ ਖ਼ਿਲਾਫ਼ ਟੈਸਟ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਦਾ ਨਤੀਜਾ ਭਾਰਤ ਦੀ ਹਾਰ ਦੇ ਰੂਪ ‘ਚ ਸਾਹਮਣੇ ਆਇਆ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ (Virat Kohli) 8 ਵਾਰ ਆਫ ਸਟੰਪ ਤੋਂ ਬਾਹਰ ਗੇਂਦਾਂ ‘ਤੇ ਆਊਟ ਹੋਏ, ਜਦਕਿ ਰੋਹਿਤ ਨੇ 5 ਪਾਰੀਆਂ ‘ਚ ਸਿਰਫ਼ 31 ਦੌੜਾਂ ਬਣਾਈਆਂ, ਜਿਸ ਦੀ ਔਸਤ 6.2 ਸੀ। ਰੋਹਿਤ ਦੀ ਖ਼ਰਾਬ ਫਾਰਮ ਕਾਰਨ ਭਾਰਤ ਦੇ ਕਪਤਾਨ ਨੂੰ ਸਿਡਨੀ ‘ਚ ਆਖ਼ਰੀ ਟੈਸਟ ਤੋਂ ਪਹਿਲਾਂ ਕਪਤਾਨੀ ਛੱਡਣੀ ਪਈ। ਇਸ ਤੋਂ ਬਾਅਦ ਫੈਨਜ਼ ਤੇ ਦਿੱਗਜ ਉਸ ਨੂੰ ਆਪਣੀ ਫਾਰਮ ‘ਚ ਸੁਧਾਰ ਲਈ ਲਗਾਤਾਰ ਘਰੇਲੂ ਕ੍ਰਿਕਟ ‘ਚ ਵਾਪਸੀ ਕਰਨ ਦੀ ਸਲਾਹ ਦੇ ਰਹੇ ਹਨ।
ਸ਼ਾਸਤਰੀ ਨੇ ਆਈ.ਸੀ.ਸੀ. ਰਿਵਿਊ ‘ਤੇ ਕਿਹਾ ਕਿ ਘਰੇਲੂ ਕ੍ਰਿਕਟ ‘ਚ ਖੇਡਣ ਨਾਲ ਦੋਵਾਂ ਖਿਡਾਰੀਆਂ ਨੂੰ ਨਵੀਂ ਪੀੜ੍ਹੀ ਨਾਲ ਅਨੁਕੂਲ ਹੋਣ ਤੇ ਨੌਜਵਾਨ ਖਿਡਾਰੀਆਂ ਨਾਲ ਆਪਣੇ ਅਨੁਭਵ ਸਾਂਝੇ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਭਾਰਤ ਵਿੱਚ ਬਦਲਦੇ ਟਰੈਕਾਂ ‘ਤੇ ਖੇਡਣ ਦਾ ਮੌਕਾ ਵੀ ਮਿਲੇਗਾ।