ਚੰਡੀਗੜ੍ਹ, 5 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਲਗਭਗ ਪੂਰਾ ਦੇਸ਼ ਠੰਡ ਅਤੇ ਸੰਘਣੀ ਧੁੰਦ ਦੀ ਲਪੇਟ ਵਿਚ ਹੈ। ਮੌਸਮ ਵਿਭਾਗ (IMD) ਦੇ ਅਲਰਟ ਮੁਤਾਬਕ ਅਜੇ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਠੰਡ ਤੋਂ ਇਲਾਵਾ ਪੂਰਾ ਉੱਤਰੀ ਭਾਰਤ ਧੁੰਦ ਅਤੇ ਸੀਤ ਲਹਿਰ ਦੀ ਲਪੇਟ ‘ਚ ਹੈ। ਇਕ ਪਾਸੇ ਪਹਾੜਾਂ ਉਤੇ ਬਰਫਬਾਰੀ ਅਤੇ ਪੱਛਮੀ ਹਵਾਵਾਂ ਨੇ ਮੈਦਾਨੀ ਇਲਾਕਿਆਂ ‘ਚ ਠੰਢ ਨੂੰ ਵਧਾ ਦਿੱਤਾ ਹੈ, ਉਥੇ ਹੀ ਆਉਣ ਵਾਲੇ 24 ਘੰਟੇ ਵੀ ਖਾਸ ਹਨ। ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਅਗਲੇ 24 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਵਿੱਚ ਵੀ ਹਲਕੀ ਬਾਰਿਸ਼ ਜਾਰੀ ਹੈ।

ਮੌਸਮ ਵਿਭਾਗ ਨੇ ਇੱਕ ਹੋਰ ਅਲਰਟ ਜਾਰੀ ਕੀਤਾ ਹੈ। ਆਈਐਮਡੀ ਦੇ ਅਨੁਸਾਰ 5 ਅਤੇ 6 ਜਨਵਰੀ ਨੂੰ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰਾਖੰਡ ਵਿੱਚ ਗਰਜ ਅਤੇ ਬਿਜਲੀ ਦੇ ਨਾਲ-ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਉਣ ਵਾਲੇ 24 ਘੰਟਿਆਂ ਵਿੱਚ ਦਿੱਲੀ ਐਨਸੀਆਰ ਅਤੇ ਹੋਰ ਮੈਦਾਨੀ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਹਲਕੀ ਬਾਰਿਸ਼ ਦਾ ਦੌਰ 10 ਜਨਵਰੀ ਤੱਕ ਚੱਲ ਸਕਦਾ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ ਦਿੱਲੀ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਗਿਆ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 15 ਤੋਂ 17 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੋਇਆ ਹੈ। ਦਿੱਲੀ ਵਿੱਚ ਔਸਤ ਏਅਰ ਕੁਆਲਿਟੀ ਇੰਡੈਕਸ (AQI) 318 ਦਰਜ ਕੀਤਾ ਗਿਆ।

ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਦੀ ਸਥਿਤੀ
ਮੌਸਮ ਵਿਭਾਗ ਨੇ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਦੇ ਹਾਲਾਤ ਜਾਰੀ ਕੀਤੇ ਹਨ। ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਕਈ ਹਿੱਸਿਆਂ ਵਿੱਚ ਘੱਟੋ ਘੱਟ ਤਾਪਮਾਨ 0-5 ਡਿਗਰੀ, ਹਿਮਾਚਲ ਪ੍ਰਦੇਸ਼ ਵਿੱਚ 0-5 ਡਿਗਰੀ, ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ 6-10 ਡਿਗਰੀ, ਮੱਧ, ਪੂਰਬੀ ਅਤੇ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ 10-14 ਡਿਗਰੀ, ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਤਾਪਮਾਨ ਮੰਡਲਾ (ਪੂਰਬੀ ਮੱਧ ਪ੍ਰਦੇਸ਼) ਵਿੱਚ 5.0 ਡਿਗਰੀ ਦਰਜ ਕੀਤਾ ਗਿਆ। ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।

ਮੌਸਮ ਵਿਗਿਆਨੀਆਂ ਨੇ 5 ਜਨਵਰੀ ਨੂੰ ਬਾਅਦ ਦੁਪਹਿਰ ਤੋਂ ਸ਼ਹਿਰ ਵਿੱਚ ਮੁੜ ਤੋਂ ਮੌਸਮ ਤਬਦੀਲ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 5 ਜਨਵਰੀ ਨੂੰ ਬਾਅਦ ਦੁਪਹਿਰ ਤੋਂ 6 ਜਨਵਰੀ ਦੁਪਹਿਰ ਤੱਕ ਰੁਕ-ਰੁਕ ਕੇ ਹਲਕਾ ਮੀਂਹ ਪੈ ਸਕਦਾ ਹੈ। ਸਿਟੀ ਬਿਊਟੀਫੁੱਲ ਵਿੱਚ ਸ਼ੁੱਕਰਵਾਰ ਰਾਤ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਜੋ ਅੱਜ ਸਵੇਰੇ 10-11 ਵਜੇ ਤੱਕ ਜਾਰੀ ਰਹੀ। ਉਸ ਤੋਂ ਬਾਅਦ ਨਿਕਲੀ ਧੁੱਪ ਕਰਕੇ ਸ਼ਹਿਰ ਵਾਸੀਆਂ ਨੇ ਪੈ ਰਹੀ ਕੜਾਕੇ ਦੀ ਠੰਢ ਤੋਂ ਕੁੱਝ ਰਾਹਤ ਮਹਿਸੂਸ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।