ਨਵੀਂ ਦਿੱਲੀ ,31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ (Vinod Kambli) ਦੀ ਸਿਹਤ ਨੂੰ ਲੈ ਕੇ ਅਪਡੇਟ ਸਾਹਮਣੇ ਆਇਆ ਹੈ। ਵਿਨੋਦ ਕਾਂਬਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਹਸਪਤਾਲ ਵਾਰਡ ‘ਚ ਨਰਸ ਸਟਾਫ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਵਿਨੋਦ ਕਾਂਬਲੀ ਦੀ ਸਿਹਤ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਠਾਣੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕਾਂਬਲੀ ਦਾ ਹਸਪਤਾਲ ਵਿੱਚ ਮੁਫ਼ਤ ਇਲਾਜ ਚੱਲ ਰਿਹਾ ਹੈ।
Vinod Kambli ਹਸਪਤਾਲ ‘ਚ ਡਾਂਸ ਕਰਦੇ ਆਏ ਨਜ਼ਰ
ਦਰਅਸਲ 52 ਸਾਲ ਦੇ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ (Vinod Kambli) ਦੀ ਮੈਡੀਕਲ ਟੈਸਟ ਰਿਪੋਰਟ ਤੋਂ ਬਾਅਦ ਪਤਾ ਲੱਗਿਆ ਹੈ ਕਿ ਵਿਨੋਦ ਕਾਂਬਲੀ ‘ਬਲੱਡ ਕਲੋਟਸ’ ਤੋਂ ਪੀੜਤ ਹਨ। ਡਾਕਟਰ ਨੇ ਕਈ ਮੈਡੀਕਲ ਟੈਸਟਾਂ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਕਾਂਬਲੀ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਹਾਲ ਹੀ ‘ਚ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ‘ਚੱਕ ਦੇ ਇੰਡੀਆ’ ਗੀਤ ‘ਤੇ ਡਾਂਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕ੍ਰਿਕਟ ਸ਼ਾਟ ਵੀ ਮਾਰਿਆ। ਉਨ੍ਹਾਂ ਨਾਲ ਇਕ ਔਰਤ ਵੀ ਦਿਖਾਈ ਦੇ ਰਹੀ ਹੈ।
Vinod Kambli ਨੇ 7 ਦਿਨ ਪਹਿਲਾਂ ਹਸਪਤਾਲ ‘ਚ ਗਾਇਆ ਸੀ ਗੀਤ
ਇਸ ਤੋਂ ਪਹਿਲਾਂ 24 ਦਸੰਬਰ ਨੂੰ ਵਿਨੋਦ ਕਾਂਬਲੀ ਨੇ ਹਸਪਤਾਲ ਦੇ ਬੈੱਡ ‘ਤੇ ਪਏ ਗੀਤ ਗਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਹੁਣ ਚੰਗਾ ਮਹਿਸੂਸ ਕਰ ਰਹੇ ਹਨ। ਕਾਂਬਲੀ ਨੇ ਹਸਪਤਾਲ ਦੇ ਬੈੱਡ ‘ਤੇ ‘ਵੀ ਆਰ ਦ ਚੈਂਪੀਅਨ…ਵੀ ਵਿਲ ਬੈਕ’ ਗੀਤ ਗਾਇਆ ਸੀ। ਉਨ੍ਹਾ ਨੇ ਲੋਕਾਂ ਨੂੰ ਸ਼ਰਾਬ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ।
ਅਜਿਹਾ ਰਿਹਾ ਸੀ Vinod Kambli ਦਾ ਕ੍ਰਿਕਟ ਕਰੀਅਰ
ਜੇ ਅਸੀਂ ਵਿਨੋਦ ਕਾਂਬਲੀ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਭਾਰਤ ਲਈ 17 ਟੈਸਟ ਮੈਚ ਖੇਡਦੇ ਹੋਏ 1084 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾ ਦਾ ਸਰਵੋਤਮ ਸਕੋਰ 227 ਰਿਹਾ। ਇਸ ਦੌਰਾਨ ਉਨ੍ਹਾਂ ਨੇ 4 ਸੈਂਕੜੇ ਤੇ 3 ਅਰਧ ਸੈਂਕੜੇ ਲਗਾਏ। ਉੱਥੇ ਹੀ ਵਿਨੋਦ ਕਾਂਬਲੀ ਨੇ 104 ਵਨਡੇ ਮੈਚ ਖੇਡਦੇ ਹੋਏ 2477 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਨਾਂ 2 ਸੈਂਕੜੇ ਤੇ 14 ਅਰਧ ਸੈਂਕੜੇ ਸਨ।