ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਪੰਜਾਬੀ ਗਾਇਕ ਅਕਸਰ ਹੀ ਗੈਂਗਸਟਰਾਂ ਦੇ ਨਿਸ਼ਾਨਿਆਂ ਤੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਤੋਂ ਪੰਜਾਬੀ ਗਾਇਕ ਰਣਜੀਤ ਬਾਵਾ ਸੁਰਖੀਆਂ ਦੇ ਵਿੱਚ ਆਏ ਹਨ। ਦਰਅਸਲ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਕੋਲੋਂ ਰੰਗਦਾਰੀ ਮੰਗੀ ਗਈ ਹੈ। ਵਿਦੇਸ਼ੀ ਨੰਬਰ ਤੋਂ ਵਟਸਐਪ ਰਾਹੀਂ ਦੋ ਕਰੋੜ ਰੁਪਏ ਦੀ ਰੰਗਦਾਰੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਰਣਜੀਤ ਬਾਵਾ ਦੇ ਮੈਨੇਜਰ ਦੇ ਵੱਲੋਂ ਇਸ ਦੀ ਸ਼ਿਕਾਇਤ ਹੁਣ ਪੁਲਿਸ ਨੂੰ ਦਿੱਤੀ ਹੈ।
ਪੁਲਿਸ ਨੇ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਵਾਇਸ ਨੋਟ ਦੇ ਰਾਹੀਂ ਇਹ ਰੰਗਦਾਰੀ ਮੰਗੀ ਗਈ ਹੈ। ਵੱਖ-ਵੱਖ ਨੰਬਰਾਂ ਤੋਂ ਹੁਣ ਤੱਕ ਉਨ੍ਹਾਂ ਨੂੰ ਕਈ ਮੈਸੇਜ ਅਜਿਹੇ ਮਿਲ ਚੁੱਕੇ ਹਨ। ਜਿਸ ਦੇ ਵਿੱਚ ਉਨ੍ਹਾਂ ਤੋਂ ਕਦੇ ਇੱਕ ਕਰੋੜ ਦੀ ਤੇ ਕਦੇ ਦੋ ਕਰੋੜ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਹੈ। ਜਿਸ ਤੋਂ ਦੁਖੀ ਹੋ ਕੇ ਹੁਣ ਗਾਇਕ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।
ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਹਰ ਇੱਕ ਐਂਗਲ ਤੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਸੁਰੱਖਿਆ ਵੀ ਹੋਰ ਵਧਾ ਦਿੱਤੀ ਗਈ ਹੈ। ਮੋਹਾਲੀ ਦੇ ਅੱਠ ਫੇਜ਼ ਦੇ ਵਿੱਚ ਉਨ੍ਹਾਂ ਦੇ ਮੈਨੇਜਰ ਦੇ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਗੈਂਗਸਟਰ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਜਾਂ ਫਿਰ ਕਿਸੀ ਸ਼ਰਾਰਤੀ ਅਨਸਰ ਦੇ ਵੱਲੋਂ ਇਹ ਘਿਨੌਣੀ ਹਰਕਤ ਕੀਤੀ ਗਈ ਹੈ। ਇਸ ਦੀ ਹਰ ਇੱਕ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮੋਹਾਲੀ ਦੇ ਵਿੱਚ ਹੁਣ ਤੱਕ ਦੋ ਦਰਜਨ ਦੇ ਕਰੀਬ ਅਜਿਹੀ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਜਿਸ ਦੇ ਵਿੱਚ ਪੰਜਾਬੀ ਸਿੰਗਰਾਂ ਦੇ ਕੋਲੋਂ ਰੰਗਦਾਰੀ ਮੰਗੀ ਜਾ ਰਹੀ ਹੈ।