ਚੰਡੀਗੜ੍ਹ, 20 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):- ਨੌ ਸਾਲ ਪੁਰਾਣੇ ਬਰਗਾੜੀ ਮਾਮਲਿਆਂ ’ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਕੇਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ। ਉੱਥੇ ਇਸ ਮਾਮਲੇ ’ਚ ਮੁੱਖ ਮੁਲਜ਼ਮਾਂ ’ਚੋਂ ਇਕ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਵੀ ਅਦਾਲਤ ’ਚ ਪੇਸ਼ ਹੋਇਆ। ਹਾਲਾਂਕਿ ਉਸ ਦੇ ਖਿਲਾਫ਼ ਹਾਲੇ ਤੱਕ ਸਪਲੀਮੈਂਟਰੀ ਚਲਾਨ ਪੇਸ਼ ਨਹੀਂ ਹੋਇਆ। ਉਹ ਕਾਫ਼ੀ ਸਮੇਂ ਤੋਂ ਭਗੌੜਾ ਸੀ। ਪਿਛਲੇ ਸਾਲ ਫਰਵਰੀ ’ਚ ਫਰੀਦਕੋਟ ਪੁਲਿਸ ਨੇ ਉਸ ਨੂੰ ਗੁਰੂਗ੍ਰਾਮ ਤੋਂ ਕਾਬੂ ਕੀਤਾ ਸੀ। ਗਿ੍ਫ਼ਤਾਰੀ ਦੇ ਕੁਝ ਸਮੇਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਸੀ। ਪ੍ਰਦੀਪ ਕਲੇਰ ਦੀ ਇਸ ਮਾਮਲੇ ’ਚ ਕਾਫ਼ੀ ਚਰਚਾ ਹੋ ਰਹੀ ਹੈ ਕਿਉਂਕਿ ਉਸ ਨੇ ਮੈਜਿਸਟ੍ਰੇਟ ਨੂੰ ਦਿੱਤੇ ਬਿਆਨ ’ਚ ਬੇਅਦਬੀ ਲਈ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਸੀ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਦੀ ਸੁਣਵਾਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਚੱਲ ਰਹੀ ਹੈ। ਹਾਲਾਂਕਿ ਕਰੀਬ ਛੇ ਮਹੀਨੇ ਤੋਂ ਇਨ੍ਹਾਂ ਮਾਮਲਿਆਂ ਦੀ ਸੁਣਵਾਈ ’ਤੇ ਰੋਕ ਲੱਗੀ ਸੀ। ਇਹ ਰੋਕ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਲਗਾਈ ਗਈ ਸੀ ਪਰ ਦੋ ਮਹੀਨੇ ਸੁਪਰੀਮ ਕੋਰਟ ਨੇ ਰੋਕ ਹਟਾਉਣ ਦੇ ਆਦੇਸ਼ ਦੇ ਦਿੱਤੇ ਸਨ। ਰੋਕ ਹਟਣ ਦੇ ਬਾਅਦ 28 ਨਵੰਬਰ ਤੋਂ ਜ਼ਿਲਵਾ ਅਦਾਲਤ ’ਚ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਸ਼ੁਰੂ ਹੋ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਮਾਮਲਿਆਂ ’ਚ ਐਡਵੋਕੇਟ ਰਾਜੇਸ਼ ਕੁਮਾਰ ਰਾਏ ਪੇਸ਼ ਹੋਏ। ਉਨ੍ਹਾਂ ਕਿਹਾ ਕਿ 2015 ’ਚ ਫਰੀਦਕੋਟ ਦੇ ਪਿੰਡ ਬਰਗਾੜੀ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਮਾਮਲਿਆਂ ’ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੇ ਉਸ ਦੇ ਪੈਰੋਕਾਰਾਂ ਦੀ ਭੂਮਿਕਾ ਦਾ ਪਤਾ ਲੱਗਾ। ਇਸ ਦੇ ਬਾਅਦ ਉਨ੍ਹਾਂ ਦੇ ਖਿਲਾਫ਼ ਮੁਕੱਦਮੇ ਦਰਜ ਹੋਏ, ਪਰ ਸੁਪਰੀਮ ਕੋਰਟ ਦੇ ਆਦੇਸ਼ ’ਤੇ ਇਨ੍ਹਾਂ ਮਾਮਲਿਆਂ ਨੂੰ ਫਰੀਦਕੋਟ ਤੋਂ ਚੰਡੀਗੜ੍ਹ ’ਚ ਟਰਾਂਸਫਰ ਕੀਤਾ ਗਿਆ ਸੀ।
ਸੰਖੇਪ
ਰਾਮ ਰਹੀਮ ਦੇ ਨਾਲ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੀ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਈ। ਇਹ ਸੁਣਵਾਈ ਸੂਪਰੀਮ ਕੋਰਟ ਦੇ ਆਦੇਸ਼ ਮਗਰੋਂ ਸ਼ੁਰੂ ਕੀਤੀ ਗਈ ਹੈ।