ਚੰਡੀਗੜ੍ਹ, 19 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਹਰਿਆਣਾ ਦੀ ਸਿੱਖ ਸੰਗਤ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਹਰਿਆਣਾ ਸਿੱਖ ਪੰਥਕ ਦਲ ਜਥੇਬੰਦੀ ਦਾ ਗਠਨ ਕੀਤਾ ਹੈ। ਹੁਣ ਇਹ ਦਲ ਚੋਣ ਨਿਸ਼ਾਨ ਢੋਲ ’ਤੇ ਚੋਣਾਂ ਲੜੇਗਾ। ਇਥੇ ਪ੍ਰੈਸ ਕਾਨਫਰੰਸ ਦੌਰਾਨ ਭਾਈ ਬਲਦੇਵ ਸਿੰਘ ਕਾਇਮਪੁਰ ਪ੍ਰਧਾਨ ਹਰਿਆਣਾ ਸਿੱਖ ਪੰਥਕ ਦਲ, ਹਰਪਾਲ ਸਿੰਘ ਐਹਿਰਵਾਂ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਭਾਨੋਖੇੜੀ ਜਨਰਲ ਸਕੱਤਰ, ਸੁਖਜਿੰਦਰ ਸਿੰਘ ਮਸਾਣਾ ਖਜ਼ਾਨਚੀ, ਪ੍ਰਤਾਪ ਸਿੰਘ ਸਕੱਤਰ, ਅਤੇ ਪ੍ਰਿਥੀਪਾਲ ਸਿੰਘ ਝੱਬਰ, ਸਲਾਹਕਾਰ ਹਰਿਆਣਾ ਸਿੱਖ ਪੰਥਕ ਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਕੁਰਬਾਨੀਆਂ ਦੇ ਕੇ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੋੜ ਕੇ ਬਿਨਾਂ ਗੁਰਦੁਆਰਾ ਐਕਟ 1925 ਨੂੰ ਤਬਦੀਲੀਆਂ ਕਰਕੇ ਹਰਿਆਣਾ ਰਾਜ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ। ਉਹਨਾਂ ਕਿਹਾ ਕਿ ਹਰਿਆਣਾ ਵਿਚ ਜਿਹੜੀ ਅਸੀਂ ਚੋਣ ਲੜਨੀ ਹੈ ਉਹ ਅਸੀਂ ਭਾਜਪਾ ਸਰਕਾਰ ਅਤੇ ਆਰਐੱਸਐੱਸ ਦੀ ਸ਼ਹਿ ’ਤੇ ਲੜ ਰਹੇ ਮੈਂਬਰਾਂ ਖ਼ਿਲਾਫ਼ ਲੜਨੀ ਹੈ।
ਉਹਨਾਂ ਕਿਹਾ ਕਿ ਸਾਨੂੰ ਮੌਜੂਦਾ ਸਰਕਾਰ ਨੇ ਪੰਜਾਬ ਰਾਜ ਵਿਚ ਸਥਾਪਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ, ਤਖਤ ਸ੍ਰੀ ਕੇਸਗੜ੍ਹ ਸ੍ਰੀ ਆਨੰਦਪੁਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਪੰਜਾਬ ਦੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਤੋੜਿਆ ਹੈ।
ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਰੇ ਕਿਸੇ ਵੀ ਐਕਟ ਵਿਚ ਨਹੀਂ ਲਿਖਿਆ ਹੈ ਕਿ ਇਹ ਬਾਹਰਲੇ ਸੂਬਿਆਂ ਵਿਚ ਧਾਰਮਿਕ ਚੋਣਾਂ ਨਹੀਂ ਲੜ ਸਕਦੀ। ਉਹਨਾਂ ਕਿਹਾ ਕਿ ਇਹ ਸਾਡਾ ਅਧਿਕਾਰ ਹੈ ਕਿ ਸਾਨੂੰ ਚੋਣਾਂ ਲੜਨ ਦਾ ਹੱਕ ਦਿੱਤਾ ਜਾਵੇ। ਉਹਨਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਵੱਲੋਂ ਪਹਿਲਾਂ ਤਖਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖਤ ਸ੍ਰੀ ਪਟਨਾ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆਪਣੇ ਅਧੀਨ ਲਿਆ ਗਿਆ ਅਤੇ ਹੁਣ ਹਰਿਆਣਾ ਰਾਜ ਵਿਚ ਸਾਨੂੰ ਅਕਾਲ ਤਖਤ ਸਾਹਿਬ ਤੋਂ ਤੋੜ ਕੇ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਕੇ ਸਰਕਾਰੀ ਮੈਂਬਰਾਂ ਰਾਹੀਂ ਹਰਿਆਣਾ ਸਰਕਾਰ ਚਲਾ ਰਹੀ ਹੈ।
ਉਹਨਾਂ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਲਈ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇੱਕ ਕੇਸ ਫਾਈਲ ਕਰਕੇ ਚੋਣਾਂ ਲੜਨ ਦਾ ਅਧਿਕਾਰ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਅਸੀ ਹਰਿਆਣਾ ਸਿੱਖ ਪੰਥਕ ਦਲ ਬਣਾਇਆ ਹੈ ਜਿਸ ਦਾ ਚੋਣ ਨਿਸ਼ਾਨ ਢੋਲ ਹੈ। ਉਹਨਾਂ ਕਿਹਾ ਕਿ ਅਸੀਂ ਹਰਿਆਣਾ ਦੀ ਸਮੂਹ ਸੰਗਤ, ਧਾਰਮਿਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਤਾਲਮੇਲ ਕਰਕੇ ਚੋਣਾਂ ਲੜਾਂਗੇ। ਉਹਨਾਂ ਨੇ ਹਰਿਆਣਾ ਦੇ ਗੁਰਸਿੱਖ ਵੀਰਾਂ ਨੂੰ ਅਪੀਲ ਕੀਤੀ ਕਿ ਜੋ ਧਾਰਮਿਕ ਖੇਤਰ ਵਿੱਚ ਸੇਵਾ ਕਰਨਾ ਚਾਹੁੰਦੇ ਹਨ ਅਤੇ ਉਹ ਇਹ ਚੋਣਾਂ ਲੜਨਾ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰਨ।
ਸੰਖੇਪ
ਹਰਿਆਣਾ ਸਿੱਖ ਪੰਥਕ ਦਲ ਨੇ HSGPC ਚੋਣਾਂ ਲਈ ਆਪਣਾ ਚੋਣ ਨਿਸ਼ਾਨ ‘ਢੋਲ’ ਰੱਖਿਆ ਹੈ। ਪਾਰਟੀ ਨੇ ਇਹ ਨਵਾਂ ਨਿਸ਼ਾਨ ਆਪਣੇ ਧਾਰਮਿਕ ਅਤੇ ਸੰਸਕਾਰਕ ਵਿਰਸੇ ਨੂੰ ਮਜਬੂਤ ਕਰਨ ਲਈ ਚੁਣਿਆ ਹੈ ਅਤੇ ਇਹ ਚੋਣਾਂ ਵਿੱਚ ਭਾਗ ਲੈਣ ਦਾ ਅਹੁਦਾ ਦਿਖਾਉਂਦਾ ਹੈ।